ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਖਾਲਸੇ ਦਾ ਪਾਵਨ ਹੋਲਾ ਮਹੱਲਾ ਜੋਸ਼ੋ-ਖਰੋਸ਼ ਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ। ਹੋਲੇ ਮਹੱਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ. ਰਣਜੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਭਾਈ ਰੂਪ ਸਿੰਘ, ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਨਾਗਰ ਸਿੰਘ ਸਮੇਤ ਸਮੁੱਚੀਆਂ ਸੰਗਤਾਂ ਦਾ ਕਾਫਲਾ, ਠਾਠਾਂ ਮਾਰਦਾ ਸਮੁੰਦਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰਵਾਨਾ ਹੋਇਆ।
ਇਸ ਨਗਰ ਕੀਰਤਨ ਵਿਚ ਨਿਹੰਗ ਜਥੇਬੰਦੀਆਂ ਆਪਣੇ ਰਵਾਇਤੀ ਹਥਿਆਰਾਂ ਨਾਲ ਲੈੱਸ ਹੋ ਕੇ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਸੰਗਤਾਂ ਨੇ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ, ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਤਾਰਾਗੜ੍ਹ ਸਾਹਿਬ ਤੇ ਗੁਰਦੁਆਰਾ ਹੋਲਗੜ੍ਹ ਸਾਹਿਬ ਆਦਿ ‘ਚ ਸੰਗਤਾਂ ਨੇ ਲਾਈਨਾਂ ਵਿਚ ਖੜ੍ਹੇ ਹੋ ਕੇ ਮੱਥਾ ਟੇਕਿਆ।