'ਆਪ' ਦਾ ਕੈਪਟਨ ਨੂੰ ਖੁੱਲ੍ਹਾ ਚੈਲੇਂਜ, ਜੇ ਹਿੰਮਤ ਹੈ ਤਾਂ ਅੱਧੇ ਘੰਟੇ ਦਾ ਰੱਖ ਲਵੇ ਟਾਈਮ

Tags

ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪ ਵਿਧਾਇਕਾਂ ਨੇ ਜਿੱਥੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਿੰਗੇ ਬਿਜਲੀ ਸਮਝੌਤਿਆਂ ਦੇ ਮਾਮਲੇ 'ਤੇ ਬਹਿਸ ਕਰਨ ਦੀ ਚੁਣੌਤੀ ਦੇ ਦਿੱਤੀ, ਉੱਥੇ ਕਿਹਾ ਕਿ ਜੇਕਰ ਕੈਪਟਨ ਲੋਕਾਂ ਬਾਰੇ ਸੋਚਣ ਤਾਂ 5 ਮਿੰਟ ਵਿਚ ਮਹਿੰਗੇ ਬਿਜਲੀ ਸਮਝੌਤੇ ਰੱਦ ਕੀਤੇ ਜਾ ਸਕਦੇ ਹਨ | ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਬਿਜਲੀ ਦੀਆਂ ਮਹਿੰਗੀਆਂ ਦਰਾਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੀ ਹੈ ਅਤੇ ਜੇਕਰ ਮੁੱਖ ਮੰਤਰੀ ਇਮਾਨਦਾਰੀ ਨਾਲ ਸਮਝਣਾ ਚਾਹੁਣ ਤਾਂ ਉਹ ਸਿਰਫ਼ ਅੱਧੇ ਘੰਟੇ 'ਚ ਦੱਸ ਦੇਣਗੇ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਮਾਰੂ ਸਮਝੌਤੇ 5 ਮਿੰਟ 'ਚ ਕਿਵੇਂ ਰੱਦ ਹੋਣ ਜਾਣਗੇ |

ਇਸ ਦੇ ਨਾਲ ਹੀ 'ਆਪ' ਵਿਧਾਇਕਾਂ ਨੇ ਆਗਾਮੀ ਵਿਧਾਨ ਸਭਾ 'ਚ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਕਰਨ ਲਈ ਪ੍ਰਾਈਵੇਟ ਮੈਂਬਰ ਬਿੱਲ ਦੇ ਸਮਰਥਨ ਦੀ ਕਾਂਗਰਸ ਸਮੇਤ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਹੈ | ਅਮਨ ਅਰੋੜਾ ਨੇ ਕਿਹਾ ਕਿ ਆਗਾਮੀ ਸੈਸ਼ਨ 'ਚ ਬਿਜਲੀ ਸਮਝੌਤੇ ਰੱਦ ਕਰਨ ਲਈ ਮਤਾ ਲੈ ਕੇ ਆਉਣਗੇ, ਇਹ ਮੁੱਖ ਮੰਤਰੀ, ਮੰਤਰੀਆਂ ਅਤੇ ਕਾਂਗਰਸੀਆਂ ਸਮੇਤ ਸਾਰੀਆਂ ਧਿਰਾਂ ਦੇ ਵਿਧਾਇਕਾਂ ਦੀ ਪਰਖ ਦੀ ਘੜੀ ਹੋਵੇਗਾ ਕਿ ਉਹ ਲੋਕਾਂ ਦੇ ਹੱਕ 'ਚ ਇਹ ਮਤਾ ਪਾਸ ਕਰਵਾਉਂਦੇ ਹਨ ਜਾਂ ਫਿਰ ਬਿਜਲੀ ਮਾਫ਼ੀਆ ਨਾਲ ਖੜ੍ਹ ਕੇ ਇਸ ਦਾ ਵਿਰੋਧ ਕਰਦੇ ਹਨ | ਇਸ ਮੌਕੇ ਪਾਰਟੀ ਦੇ ਬੁਲਾਰੇ ਨੀਲ ਗਰਗ, ਦਿਨੇਸ਼ ਚੱਢਾ, ਕੁਲਜਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ |