ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਵਿਧਾਇਕ ਦਲ ਦੇ ਨੇਤਾ ਪਦ ਤੋਂ ਅਸਤੀਫ਼ਾ ਦੇਣ ਲਈ ਉਨ੍ਹਾਂ ਉੱਤੇ ਕੋਈ ਦਬਾਓ ਨਹੀਂ ਸੀ | ਇਹ ਅਸਤੀਫ਼ਾ ਉਨ੍ਹਾਂ ਨੇ ਬੜੀ ਸੋਚ ਵਿਚਾਰ ਪਿੱਛੋਂ ਦਿੱਤਾ ਹੈ | ਇੱਥੇ ਆਪਣੀ ਰਿਹਾਇਸ਼ ਵਿਖੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੰੂ ਬਹੁਤ ਕੁਝ ਦਿੱਤਾ ਹੈ | ਪੰਜ ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਬਣਾਇਆ ਗਿਆ ਇਸ ਲਈ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਟੀ ਨੰੂ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣ | ਪਾਰਟੀ ਤਦੇ ਮਜ਼ਬੂਤ ਹੋ ਸਕਦੀ ਹੈ ਜੇਕਰ ਇਸ ਦੀਆਂ ਕਮੀਆਂ-ਪੇਸ਼ੀਆਂ ਸੁਧਾਰੀਆਂ ਜਾਣ | ਕਮੀਆਂ-ਪੇਸ਼ੀਆਂ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਪਿਤਾ ਸ. ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਪਾਰਟੀ ਨੰੂ ਲੋਕਤੰਤਰਕ ਤਰੀਕੇ ਨਾਲ ਚਲਾਉਣ ਦੀ ਲੋੜ ਹੈ |
ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ ਅਤੇ ਬਾਕਾਇਦਾ ਲੋੜੀਂਦਾ ਚੰਦਾ ਭਰਿਆ ਹੋਇਆ ਹੈ ਇਸ ਲਈ ਇਸ ਮੁੱਦੇ ਉੱਤੇ ਕੀਤਾ ਜਾ ਰਿਹਾ ਕਿੰਤੂ-ਪ੍ਰੰਤੂ ਬੇਲੋੜਾ ਹੈ | ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤੇ ਜਾਣ ਬਾਰੇ ਸ਼ੁਰੂ ਹੋਈ ਚਰਚਾ ਸਬੰਧੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੰੂ ਹਲਕੇ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਹੈ ਇਸ ਲਈ ਉਹ ਵਿਧਾਨ ਸਭਾ ਤੋਂ ਅਸਤੀਫ਼ਾ ਨਹੀਂ ਦੇਣਗੇ | ਇਸ ਮੌਕੇ ਗੁਰਬਚਨ ਸਿੰਘ ਬਚੀ ਸਾਬਕਾ ਏ.ਐਮ. ਪਾਵਰਕਾਮ, ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਮੰਤਰੀ ਅਬਦੁਲ ਗੁਫਾਰ, ਮਲਕੀਤ ਸਿੰਘ ਚੰਗਾਲ, ਹਰਦੇਵ ਸਿੰਘ ਰੋਗਲਾ, ਜਸਵਿੰਦਰ ਸਿੰਘ ਪਿ੍ੰਸ ਸਾਬਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਅਜੀਤ ਸਿੰਘ ਚੰਦੂਰਾਈਆ, ਡਾ. ਅਮਨਦੀਪ ਕੌਰ ਗੋਸਲ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਅਤੇ ਹੋਰ ਆਗੂ ਵੀ ਮੌਜੂਦ ਸਨ |