ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਦੇ ਸਬੰਧ ਵਿਚ ਇੱਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸ. ਪਰਮਿੰਦਰ ਸਿੰਘ ਢੀਂਡਸਾ ਨੇ ਮੰਨਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਿਸ ਦਿਨ ਲੌਾਗੋਵਾਲ ਵਿਖੇ ਆ ਕੇ ਪਾਰਟੀ ਹਾਈਕਮਾਨ ਨੇ ਇੱਥੋਂ ਦੀ ਅਕਾਲੀ ਲੀਡਰਸ਼ਿਪ ਤੋਂ ਸਾਨੂੰ ਬਾਹਰ ਕੱਢਣ ਲਈ ਮਤਾ ਪਵਾਇਆ ਸੀ ਉਸ ਤੋਂ ਸਾਫ਼ ਜ਼ਾਹਿਰ ਸੀ ਕਿ ਸਾਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਨ ਪਰ ਸਾਨੂੰ ਸਿੱਧਾ ਬਾਹਰ ਨਹੀਂ ਕੱਢ ਸਕਦੇ ਸੀ ਕਿਉਂਕਿ ਅਸੀਂ ਮੁੱਦਾ ਚੁੱਕਿਆ ਸੀ ਕਿ ਪਾਰਟੀ 'ਚ ਕੋਈ ਸੁਣਵਾਈ ਨਹੀਂ, ਜਿਸ ਕਾਰਨ ਹੁਣ ਇਹ ਮਤਾ ਕੋਰ ਕਮੇਟੀ 'ਚ ਪਾਸ ਕਰਵਾ ਕੇ ਸਾਨੂੰ ਦੋ ਹਫ਼ਤੇ ਦਾ ਨੋਟਿਸ ਕੱਢਿਆ ਹੈ |
ਨੋਟਿਸ ਮਿਲਣ ਪਿੱਛੋਂ ਅਸੀਂ ਇਸ ਦਾ ਜਵਾਬ ਦੇਵਾਂਗੇ | ਪਰਮਿੰਦਰ ਨੇ ਕਿਹਾ ਕਿ ਸਾਨੂੰ ਇਸ ਦੀ ਗੱਲ ਕੋਈ ਚਿੰਤਾ ਨਹੀਂ ਕਿਉਂਕਿ ਲੋਕ ਅਤੇ ਵਰਕਰ ਸਾਡੇ ਨਾਲ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਦੇ ਵਰਕਰ ਹੀ ਬੜੇ ਦੁਖੀ ਨੇ, ਕਈ ਤਾਂ ਪਾਰਟੀ ਵਿਚ ਘੁੱਟਣ ਮਹਿਸੂਸ ਕਰ ਰਹੇ ਹਨ ਪਰ ਸਾਡੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਲਈ ਆਸ ਦੀ ਕਿਰਨ ਜਗੀ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਵਰਕਰ ਅਕਾਲੀ ਦਲ ਨੂੰ ਛੱਡ ਕੇ ਸਾਡੇ ਨਾਲ ਜੁੜਨਗੇ | ਪਰਮਿੰਦਰ ਨੇ ਕਿਹਾ ਕਿ ਪਾਰਟੀ ਵਿਚ ਚਾਪਲੂਸ ਲੋਕ ਭਾਰੂ ਹੋ ਚੁੱਕੇ ਹਨ ਜੋ ਸੱਤਾ ਦੇ ਲਾਲਚ ਲਈ ਚਾਪਲੂਸੀ ਕਰ ਰਹੇ ਹਨ ਪਰ ਸੱਚੀ ਗੱਲ ਕਹਿਣ ਤੋਂ ਝਿਜਕਦੇ ਹਨ | ਜਿਹੜੇ ਲੋਕ ਪਾਰਟੀ ਹਿਤ ਲਈ ਗੱਲ ਕਰਦੇ ਹਨ ਉਨ੍ਹਾਂ ਲਈ ਪਾਰਟੀ ਵਿਚ ਕੋਈ ਜਗ੍ਹਾ ਨਹੀਂ ਹੈ |