ਅਕਾਲੀ ਦਲ ਨੂੰ ਵੱਡਾ ਝਟਕਾ, ਸੁਖਬੀਰ ਬਾਦਲ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ

Tags

ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਸੰਬੰਧੀ ਅੱਜ ਉਸ ਸਮੇਂ ਮੁਸ਼ਕਲ ਭਰੀ ਸਥਿਤੀ ਪੈਦਾ ਹੋ ਗਈ, ਜਦੋਂ ਬੇਮੌਸਮੇ ਮੀਂਹ ਕਾਰਨ ਲਾਇਆ ਗਿਆ ਪੰਡਾਲ ਪਾਣੀ ਨਾਲ ਭਰ ਗਿਆ। ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਣੂੰ ਕਰਵਾਇਆ ਗਿਆ ਅਤੇ ਕੁਝ ਸਮੇਂ ਬਾਅਦ ਹੀ ਬਾਦਲ ਪਿੰਡ ਤੋਂ ਸੁਖਬੀਰ ਬਾਦਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਬਦਲਵੇਂ ਪ੍ਰਬੰਧ ਵਜੋਂ ਦੋ ਥਾਵਾਂ ਵੇਖੀਆਂ ਅਤੇ ਮਲੋਟ ਰੋਡ ਸਥਿਤ 'ਤੇ ਇੱਕ ਪੈਲੇਸ ਵਿਖੇ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਹਾਲਤ 'ਚ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਇਹ ਕਾਨਫ਼ਰੰਸ ਪੈਲੇਸ ਵਿਖੇ ਹੋਵੇਗੀ। ਉਨ੍ਹਾਂ ਇੱਕ ਸਵਾਲ ਦਾ ਮਜ਼ਾਕੀਆ ਲਹਿਜ਼ੇ 'ਚ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸੀ ਠੰਢ ਕਾਰਨ ਕਾਨਫ਼ਰੰਸ ਕਰਨ ਤੋਂ ਭੱਜ ਗਏ ਹਨ। ਇਸ ਮੌਕੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤੇਜਿੰਦਰ ਸਿੰਘ ਮਿੱਠੂਖੇੜਾ, ਜਥੇ. ਦਿਆਲ ਸਿੰਘ ਕੋਲਿਆਂਵਾਲੀ, ਵਰਦੇਵ ਸਿੰਘ ਨੋਨੀ ਮਾਨ ਆਦਿ ਹਾਜ਼ਰ ਸਨ।