ਮਾਨ ਬਣੇਗਾ 2022 ਵਿੱਚ ਮੁੱਖ ਮੰਤਰੀ! ਕੌਣ ਬਦਲੇਗਾ ਪੂਰੀ ਗੇਮ?

Tags

ਅਲਵਿਦਾ ਆਖ ਗਿਆ 2019 ਪੰਜਾਬ ਦੀਆਂ ਰਾਜਸੀ-ਪਾਰਟੀਆਂ ਲਈ ਨਿਘਾਰ ਦੇ ਵਰ੍ਹੇ ਵਜੋਂ ਚੇਤੇ ਰੱਖਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਕਾਂਗਰਸ ਨੇ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ। ਪੰਜਾਬੀਆਂ ਨੇ ਹੁੰਗਾਰ ਭਰ ਕੇ ਵੱਡੀ ਬਹੁਮਤ ਨਾਲ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਬਾਅਦ ਕਾਂਗਰਸ ਨੂੰ ਸਤ੍ਹਾ ‘ਚ ਆਉਣ ਦਾ ਉਸ ਵੇਲੇ ਚੰਗਾ ਮੌਕਾ ਮਿਲਿਆ ਜਦੋਂ ਕੌਮੀ ਪੱਧਰ ‘ਤੇ ਕਾਂਗਰਸ ਦਾ ਬੁਰਾ ਹਾਲ ਸੀ ਅਤੇ ਮੋਦੀ ਦੀ ਅਗਵਾਈ ਹੇਠ ਕੇਂਦਰ ‘ਚ ਬਣੀ ਭਾਜਪਾ ਸਰਕਾਰ ਦੀ ਚੜ੍ਹਤ ਸੀ। ਕੈਪਟਨ ਅਮਰਿੰਦਰ ਨੇ ਸੂਬੇ ਦੀ ਕਿਸਾਨੀ ਨੂੰ ਭਰੋਸਾ ਦਿੱਤਾ ਕਿ ਕਿਸਾਨੀ ਦੇ ਕਰਜ਼ੇ ਮਾਫ ਕਰਕੇ ਕਿਸਾਨਾਂ ਨੂੰ ਆਰਥਿਕ ਸੰਕਟ ਤੋਂ ਬਾਹਰ ਲਿਆਂਦਾ ਜਾਵੇਗਾ।

ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ। ਸੂਬੇ ਦੀ ਆਰਥਿਕ ਹਾਲਤ ਸੁਧਾਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ। ਸੂਬੇ ਦੀ ਸਨਅਤ ਨੂੰ ਮਜ਼ਬੂਤ ਬਣਾਉਣ ਅਤੇ ਬੁਨਿਆਦੀ ਵਿਕਾਸ ਢਾਂਚਾ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ। ਸਥਿਤੀ ਤਿੰਨ ਸਾਲ ਬਾਅਦ ਇਹ ਬਣੀ ਹੋਈ ਹੈ ਕਿ ਡੰਗ ਟਪਾਊ ਸਰਕਾਰੀ ਮੁਹਿੰਮਾਂ ਤੋਂ ਇਲਾਵਾ ਇੱਕ ਵੀ ਵਾਅਦਾ ਸਿਰੇ ਨਹੀਂ ਚੜ੍ਹਿਆ।ਪੰਜਾਬੀਆਂ ‘ਚ ਵੱਡੀ ਨਰਾਜ਼ਗੀ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਤਿੰਨ ਸਾਲ ‘ਚ ਵਾਅਦੇ ਪੂਰੇ ਨਹੀਂ ਕਰ ਸਕੀ। ਪੰਜਾਬ ‘ਚ ਲੰਮਾ ਸਮਾਂ ਰਾਜਨੀਤੀ ਦੇ ਪਰਦੇ ‘ਤੇ ਅਹਿਮ ਭੂਮਿਕਾ ਨਿਭਾਉਣ ਵਾਲੀ ਅਤੇ ਸਤ੍ਹਾ ਹੰਡਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਪੰਜਾਬੀਆਂ ਦਾ ਭਰੋਸਾ ਨਹੀਂ ਜਿੱਤ ਸਕੀ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਇੰਨੀ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੋ ਗਈ ਕਿ ਤੂੜੀ ਦੀ ਪੰਡ ਵਾਂਗ ਚੁਰਾਹੇ ‘ਚ ਹੀ ਖਿੰਡ ਗਈ।