ਪੰਜਾਬ ਵਿਚ ਜਿੱਥੇ ਗਧੇ ਸਮਾਨ ਟੋੋਣ ਦੇ ਕੰਮ ਆਉਂਦੇ ਸਨ ਤੇ ਜੇ ਕੋਈ ਗਲਤ ਕੰਮ ਕਰਦਾ ਹੈ ਤਾਂ ਉਸਦਾ ਗਧੇ ਉਪਰ ਬਿਠਾ ਕੇ ਮੂੰਹ ਕਾਲਾ ਵੀ ਕੀਤਾ ਜਾਂਦਾ ਹੈ। ਉਥੇ ਹੀ ਪੰਜਾਬ ‘ਚ ਇੱਕ ਅਜਿਹਾ ਗਧਾ ਮਿਲਿਆ ਹੈ ,ਜੋ ਬਹੁਤ ਹੀ ਹੁਸ਼ਿਆਰ ਤੇ ਚੁਸਤ ਹੈ। ਉਹ ਤੁਹਾਡੇ ਹਰ ਸਵਾਲ ਦਾ ਜਵਾਬ ਲੱਭ ਕੇ ਦਿੰਦਾ ਹੈ ,ਜਿਸ ਦੀ ਇਲਾਕੇ ਵਿੱਚ ਪੂਰੀ ਚਰਚਾ ਹੋ ਰਹੀ ਹੈ। ਪਟਿਆਲੇ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ‘ਚ ਇਕ ਸਰਕਸ ਚੱਲ ਰਿਹਾ ਹੈ , ਜਿਸ ਵਿੱਚ ਇਹ ਗਧਾ ਪਹੁੰਚਿਆ ਹੈ। ਜਦੋਂ ਇਸ ਗਧੇ ਦੇ ਮਾਲਿਕ ਬਨਵਾਰੀ ਲਾਲ ਨਾਲ਼ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਇਸ ਗਧੇ ਨੂੰ 9 ਸਾਲ ਪਹਿਲਾਂ ਹਿਮਾਚਲ ਤੋਂ ਲੈ ਕੇ ਆਏ ਸਨ ਤੇ 5 ਸਾਲਾਂ ਤੋਂ ਗਧੇ ਨੂੰ ਚਿਹਰਾ ਪੜ੍ਹਣ ਦੀ ਟ੍ਰੇਨਿੰਗ ਦੇ ਰਹੇ ਸਨ।
ਇੰਨਾਂ ਹੀ ਨਹੀਂ ਸਗੋਂ ਬਨਵਾਰੀ ਲਾਲ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਉਸਦੇ ਤਾਇਆ ਜੀ ਪਹਿਲਾਂ ਕੁੱਤਿਆਂ ਨੂੰ ਟ੍ਰੇਨਿੰਗ ਦਿੰਦੇ ਸਨ ਤੇ ਉਹਨਾਂ ਦੁਆਰਾ ਟ੍ਰੇਨ ਕੀਤੇ ਕੁੱਤੇ ਨਾਮਚੀਨ ਫ਼ਿਲਮਾਂ ਜਿਵੇਂ ਮੇਰਾ ਨਾਮ ਜੋਕਰ ,ਕਹਾਣੀ ਕਿਸਮਤ ਦੀ ਤੇ ਚੌਂਕੀਦਾਰ ‘ਚ ਕੰਮ ਕਰ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਗਧੇ ਨੂੰ ਦੇਖਣ ਲਈ ਸਰਕਸ ‘ਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਜੇਕਰ ਉਸ ਗਧੇ ਤੋਂ ਤੁਸੀਂ ਪੁੱਛਦੇ ਹੋ ਕਿ ਵਕੀਲ ਅਤੇ ਡਾਕਟਰ ਕੌਣ ਹਨ ਤਾਂ ਉਹ ਚੁੱਪਚਾਪ ਡਾਕਟਰ ਅਤੇ ਵਕੀਲ ਦੇ ਸਾਹਮਣੇ ਜਾ ਕੇ ਖੜ੍ਹਾ ਹੋ ਜਾਵੇਗਾ। ਜੇਕਰ ਤੁਸੀਂ ਭੀੜ ‘ਚ ਕੁਝ ਲੋਕਾਂ ਦੇ ਮੋਬਾਇਲ ਲੈ ਕੇ ਉਸ ਨੂੰ ਦਿਖਾਉਂਦੇ ਹੋ ਤੇ ਪੁੱਛਦੇ ਹੋ ਕਿ ਇਹ ਮੋਬਾਇਲ ਕਿਸ ਵਿਅਕਤੀ ਦਾ ਹੈ ਤਾਂ ਉਹ ਉਸ ਵਿਅਕਤੀ ਦੇ ਕੋਲ ਪਹੁੰਚ ਜਾਂਦਾ ਹੈ, ਜਿਸ ਦਾ ਮੋਬਾਇਲ ਹੁੰਦਾ ਹੈ।