ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਕੇਜਰੀਵਾਲ ਨੇ ਇਸ ਕਾਰਜਕਾਲ 'ਚ ਆਪਣੀਆਂ ਵੱਡੀਆਂ ਉਪਲੱਬਧੀਆਂ ਦਰਮਿਆਨ ਚੰਗੀ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ ਨੂੰ ਮੁੱਖ ਪ੍ਰਾਪਤੀਆਂ ਵਜੋਂ ਥਾਂ ਦਿੱਤੀ ਹੈ। ਨਾਲ ਹੀ ਇਸ ਵਾਰ ਦਿੱਲੀ ਦੇ 32 ਲੱਖ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਦੱਸਣਯੋਗ ਹੈ ਕਿ ਆਪ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ 70 'ਚੋਂ 67 ਸੀਟਾਂ ਜਿੱਤੀਆਂ ਸਨ। ਅਗਲੇ ਸਾਲ ਦੀ ਸ਼ੁਰੂਆਤ 'ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਅਜਿਹੇ 'ਚ ਕੇਜਰੀਵਾਲ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਿੱਖਿਆ 'ਤੇ ਚੰਗਾ ਕੰਮ ਕੀਤਾ ਹੈ।
5 ਸਾਲਾਂ ਅੰਦਰ ਅਸੀਂ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀ ਕੀਤੀ। ਇਸ ਤਬਦੀਲੀ ਦੀ ਚਰਚਾ ਪੂਰੀ ਦੁਨੀਆਂ 'ਚ ਹੋ ਰਹੀ ਹੈ। ਅਸੀਂ ਸਿੱਖਿਆ ਦਾ ਬਜਟ ਤਿੰਨ ਗੁਣਾ ਕਰ ਦਿੱਤਾ। ਜਦੋਂ ਸਰਕਾਰ ਬਣੀ ਸੀ, ਉਦੋਂ 6600 ਕਰੋੜ ਦਾ ਬਜਟ ਸੀ ਪਰ ਅੱਜ 15600 ਕਰੋੜ ਦਾ ਬਜਟ ਹੈ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਸਾਰੇ ਸਕੂਲਾਂ 'ਚ 17 ਹਜ਼ਾਰ ਕਲਾਸ ਰੂਮ ਬਣੇ ਸਨ। ਅੱਜ 5 ਸਾਲਾਂ ਦੇ ਅੰਦਰ ਅਸੀਂ 20 ਹਜ਼ਾਰ ਹੋਰ ਨਵੇਂ ਕਲਾਸ ਰੂਮ ਬਣਾਏ।