ਕੈਪਟਨ ਦੇ ਮੂੰਹੋਂ ਨਿਕਲਿਆ ਨਵਜੋਤ ਸਿੱਧੂ ਦਾ ਨਾਂ, ਕੌਰੀਡੋਰ ਬਾਰੇ ਕੈਪਟਨ ਦੀਆਂ ਗੱਲਾਂ ਹੋਈਆਂ ਸੱਚੀਆਂ!

Tags

ਪਾਕਿਸਤਾਨ ਦੇ ਰੇਲ ਮੰਤਰੀ ਦੀ ਬਿਆਨਬਾਜ਼ੀ ਕਰਕੇ ਕਰਤਾਰਪੁਰ ਕੌਰੀਡੋਰ ਮੁੜ ਚਰਚਾ ਵਿੱਚ ਆ ਗਿਆ ਹੈ। ਪਾਕਿ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਇਤਿਹਾਸਕ ਕਰਤਾਰਪੁਰ ਕੌਰੀਡੋਰ ਦਾ ਵਿਚਾਰ ਪਾਕਿ ਸੈਨੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਉਪਜ ਸੀ। ਇਹ ਗੱਲ ਹਮੇਸ਼ਾਂ ਭਾਰਤ ਨੂੰ ਚੁੱਭਦੀ ਰਹੇਗੀ। ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸ਼ੇਖ ਰਾਸ਼ਿਦ ਦੇ ਖੁਲਾਸੇ ਨਾਲ ਪਾਕਿਸਤਾਨ ਦੀ ਹਕੀਕਤ ਸਾਹਮਣੇ ਆ ਗਈ ਹੈ।

ਕੈਪਟਨ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਕਹਿ ਰਹੇ ਸੀ ਕਿ ਪਾਕਿਸਤਾਨ ਦੇ ਇਸ ਪਿੱਛੇ ਕੁਝ ਹੋਰ ਹੀ ਮਨਸੂਬੇ ਹਨ। ਅੱਜ ਪਾਕਿਸਤਾਨੀ ਮੰਤਰੀ ਨੇ ਖੁਦ ਹੀ ਇਸ ਦਾ ਖੁਲਾਸਾ ਕਰਕੇ ਉਸ ਉੱਪਰ ਮੋਹਰ ਲਾ ਦਿੱਤੀ ਹੈ। ਯਾਦ ਰਹੇ ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਰਤਾਰਪੁਰ ਕੌਰੀਡੋਰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲਕਦਮੀ ਸੀ ਪਰ ਅੱਜ ਪਾਕਿ ਮੰਤਰੀ ਨੇ ਇਸ ਤੋਂ ਉਲਟ ਬਿਆਨ ਦਿੱਤਾ ਹੈ। ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਕਰਤਾਰਪੁਰ ਕੌਰੀਡੋਰ ਖੋਲ੍ਹ ਕੇ ਜਨਰਲ ਬਾਜਵਾ ਨੇ ਜੋ ਜ਼ਖ਼ਮ ਦਿੱਤਾ ਹੈ ਭਾਰਤ ਉਸ ਨੂੰ ਹਮੇਸ਼ਾਂ ਯਾਦ ਕਰਦਾ ਰਹੇਗਾ।

ਇਹ ਭਾਰਤ ਲਈ ਵੱਡਾ ਝਟਕਾ ਹੈ। ਇਸ ਨਾਲ ਪਾਕਿਸਤਾਨ ਨੇ ਸਿੱਖਾਂ ਦੀ ਹਮਦਰਦੀ ਹਾਸਲ ਕਰ ਲਈ ਹੈ। ਕੈਪਟਨ ਨੇ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਖਬਰਦਾਰ ਰਹਿਣ ਤੇ ਇਮਰਾਨ ਖਾਨ ਦੀ ਦੋਸਤੀ ਦੇ ਅਧਾਰ 'ਤੇ ਪਾਕਿਸਤਾਨ ਦੀ ਫੈਸਲਿਆਂ ਨੂੰ ਨਾ ਵੇਖਣ। ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਨਾਲ ਸਿੱਧੂ ਦੀ ਨਿੱਜੀ ਦੋਸਤੀ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਦੀ ਹੈ।