ਭਾਰਤ ਸਰਕਾਰ ਨੇ ਕਾਫੀ ਜਕੋ ਤਕੀ ਤੋਂ ਬਾਅਦ ਆਖ਼ਰ ਨਵੋਜਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਖ਼ਰੀ ਮੌਕੇ ਤੇ ਇਜ਼ਾਜਤ ਦੇ ਦਿੱਤੀ। ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਦੇ ਸਮਾਗਮ ਵਿਚ ਬੋਲਦਿਆਂ ਉਸਨੇ ਪਾਕਿਸਤਾਨ ਸਰਕਾਰ ਤੋਂ ਸਰਹੱਦਾਂ ਖੋਲ੍ਹਣ ਦੀ ਮੰਗ ਵੀ ਰੱਖ ਦਿੱਤੀ। ਲਾਂਘਾ ਖੁਲ੍ਹਣ ਨਾਲ ਨਵਜੋਤ ਸਿੰਘ ਸਿੱਧੂ ਦੀ ਚੜ੍ਹ ਮੱਚ ਗਈ। ਭਾਵੇਂ ਲਾਂਘਾ ਖੋਲ੍ਹਣ ਦਾ ਪ੍ਰਾਸੈਸ ਦੋਹਾਂ ਸਰਕਾਰਾਂ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ ਪ੍ਰੰਤੂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੀ ਦੋਸਤੀ ਨੇ ਇਸਨੂੰ ਸੰਪੂਰਨ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ ਕਿਉਂਕਿ ਪਹਿਲ ਪਾਕਿਸਤਾਨ ਨੇ ਕੀਤੀ ਸੀ।
ਰਾਜਨੀਤਕ ਪਾਰਟੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਸਮਾਗਮਾ ਤੋਂ ਦੂਰ ਰੱਖਕੇ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸਨ ਕਿ ਉਸਦਾ ਇਸ ਲਾਂਘੇ ਦੇ ਖੁਲ੍ਹਣ ਵਿਚ ਕੋਈ ਯੋਗਦਾਨ ਨਹੀਂ ਪ੍ਰੰਤੂ ਸਰਕਾਰਾਂ ਸਿੱਖ ਸੰਗਤਾਂ ਦੇ ਦਿਲਾਂ ਵਿਚੋਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਨਹੀਂ ਸਕਦੀਆਂ। ਕਰਤਾਰਪੁਰ ਲਾਂਘੇ ਦੇ ਖੁਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ, ਕੁਝ ਸਿਆਸੀ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਇਹ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਉਤਾਰਕੇ ਆਪਣੇ ਸਿਰ ਬੰਨ੍ਹਣ ਵਿਚ ਲੱਗੀਆਂ ਹੋਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸਭ ਜਾਣੀ ਜਾਣ ਹਨ, ਸਿੱਖ ਸੰਗਤ ਵੀ ਭਲੀ ਭਾਂਤ ਜਾਣਦੀ ਹੈ।