ਪੰਜਾਬ ਵਿਧਾਨ ਸਭਾ ਨੇ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕੀਤੇ ਛੇ ਵਿਧਾਇਕਾਂ ਨੂੰ ਕਾਨੂੰਨੀ ਬੰਦਿਸ਼ਾਂ ਤੋਂ ਬਾਹਰ ਕੱਢਣ ਲਈ ਸਮੁੱਚੀ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਕਾਨੂੰਨ 'ਚ ਸੋਧ ਦਾ ਬਿਲ ਪਾਸ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਰਕਾਰ ਨੂੰ ਖਜ਼ਾਨੇ 'ਤੇ ਬੋਝ ਹੋਣ ਦੀ ਦਲੀਲ ਦਿੰਦਿਆਂ ਬਿਲ ਵਾਪਸ ਲੈਣ ਦੀ ਮੰਗ ਕੀਤੀ। ਵਿਰੋਧੀਆਂ ਦੇ ਵਿਰੋਧ ਕਾਰਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (ਮੁੱਖ ਮੰਤਰੀ ਦੇ ਸਲਾਹਕਾਰ) ਨੇ ਸਦਨ 'ਚ ਕਿਹਾ ਕਿ ਉਹ ਸਾਢੇ ਸੱਤ ਸਾਲ ਤੋਂ ਵਿਧਾਇਕ ਹਨ, ਹੁਣ ਤਕ ਤਨਖਾਹ ਤੋ ਬਿਨਾਂ ਕੋਈ ਭੱਤਾ ਨਹੀਂ ਲਿਆ। ਜਦੋਂ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਵਾਈ ਸਫ਼ਰ 'ਤੇ 121 ਕਰੋੜ, 15 ਲੱਖ ਰੁਪਏ ਦਾ ਖਰਚ ਕੀਤੇ ਹਨ।
ਇਸਤੋਂ ਇਲਾਵਾ ਭੱਤੇ ਵਸੂਲੇ ਹਨ। ਉਨ੍ਹਾਂ ਬੈਂਸ ਭਰਾਵਾ 'ਤੇ ਵੀ 34 ਲੱਖ ਰੁਪਏ ਮੈਡੀਕਲ ਬਿਲ ਦੇ ਰੂਪ 'ਚ ਵਸੂਲਣ ਦੀ ਗੱਲ ਆਖੀ। ਇਸ ਤਰ੍ਹਾਂ ਭਾਰੀ ਵਿਰੋਧ ਦੇ ਬਾਵਜੂਦ ਸਦਨ ਨੇ ਬਹੁਮਤ ਨਾਲ ਸੋਧਨਾ ਬਿਲ ਪਾਸ ਕਰ ਦਿੱਤਾ ਗਿਆ।ਸੰਸਦੀ ਮਾਮਲਿਆਂ ਦੇ ਮੰਤਰੀ ਵੱਲੋਂ ਬਿਲ ਪੇਸ਼ ਕਰਨ 'ਤੇ 'ਆਪ' ਨੇ ਸਦਨ ਤੋਂ ਵਾਕਆਊਟ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਸਦੀ ਮਾਮਲਿਆਂ ਦੇ ਮੰਤਰੀ ਬ੍ਹਮ ਮਹਿੰਦਰਾਂ ਨੇ ਪੰਜਾਬ ਰਾਜ ਵਿਧਾਨ ਮੰਡਲ (ਅਯੋਗਤਾ ਤੇ ਰੋਕ) ਸੋਧਨਾ ਬਿਲ, 2019 ਪੇਸ਼ ਕੀਤਾ, ਤਾਂ ਆਪ ਵਿਧਾਇਕਾਂ ਨੇ ਇਸਦਾ ਜ਼ਬਰਦਸਤ ਵਿਰੋਧ ਕੀਤਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਿਲ ਦਾ ਵਿਰੋਧ ਕਰਦਿਆਂ ਕਿਹਾ ਕਿ ਬਿਲ ਸੰਵਿਧਾਨ ਖ਼ਿਲਾਫ਼ ਹੈ, ਇਸ ਲਈ ਬਿਲ ਵਾਪਸ ਹੋਣਾ ਚਾਹੀਦਾ ਹੈ।