ਨਰਿੰਦਰ ਮੋਦੀ ਦਾ ਕਿਸਾਨਾਂ ਲਈ ਵੱਡਾ ਤੋਹਫਾ, ਕਣਕ ਦੇ ਭਾਅ ਵਿੱਚ ਐਨ੍ਹਾਂ ਵਾਧਾ

Tags

ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ ਹਾੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧੇ ਸਣੇ ਕਈ ਫੈਸਲੇ ਲਏ ਗਏ। ਸਰਕਾਰ ਨੇ ਕਣਕ ਦੇ ਭਾਅ ਵਿੱਚ 85 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਇਸ ਨਾਲ ਕਣਕ ਦਾ ਭਾਅ 1840 ਤੋਂ ਵਧ ਕੇ 1925 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਅੱਜ ਇਥੇ ਇਕ ਮੀਟਿੰਗ ਦੌਰਾਨ ਇਹ ਫੈਸਲਾ ਲਿਆ। ਚੇਤੇ ਰਹੇ ਸਰਕਾਰ ਆਪਣੇ ਭੰਡਾਰਾਂ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਜਿਣਸ ਦੀ ਖਰੀਦ ਕਰਦੀ ਹੈ।

ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ 85 ਰੁਪਏ ਦੇ ਕੀਤੇ ਵਾਧੇ ਨੂੰ ਮਹਿਜ਼ ਖਾਨਾਪੂਰਤੀ ਦਸਦਿਆਂ ਰੱਦ ਕਰ ਦਿੱਤਾ ਹੈ। ਕਣਕ ਤੋਂ ਇਲਾਵਾ ਜੌਂ ਦੇ ਭਾਲ ਵਿੱਚ ਵੀ 85 ਰੁਪਏ ਵਾਧਾ ਕੀਤਾ ਹੈ। ਇਹ ਹੁਣ 1440 ਤੋਂ ਵਧ ਕੇ 1525 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰੋਂ ਦੇ ਭਾਅ ਵਿੱਚ 225 ਰੁਪਏ ਵਾਧਾ ਕੀਤਾ ਹੈ। ਇਹ ਹੁਣ 4200 ਰੁਪਏ ਤੋਂ ਵਧ ਕੇ 4425 ਹੋ ਗਈ ਹੈ। ਛੋਲਿਆਂ ਦੇ ਭਾਅ ਵਿੱਚ 255 ਰੁਪਏ ਵਾਧਾ ਹੋਇਆ ਹੈ। ਇਹ ਹੁਣ 4620 ਰੁਪਏ ਤੋਂ ਵਧ ਕੇ 4875 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।