ਸਮਾਜ ਵਿੱਚ ਇਹ ਆਮ ਜਿਹੀ ਗੱਲ ਹੈ, ਧੀ ਜੰਮੇ ’ਤੇ ਕਹਿੰਦੇ ਹਨ, ਸਾਡੇ ਘਰ ਪੱਥਰ ਆ ਗਿਆ। ਪਤਾ ਨਹੀਂ ਇਹ ਸੋਚ ਕਿੱਥੋਂ ਸਾਡੇ ਅੰਦਰ ਵਸ ਗਈ। ਪਿਛਲੇ ਸਮਿਆਂ ਵਿੱਚ ਜਦੋਂ ਇੱਕ ਮਾਂ ਲੜਕੀ ਨੂੰ ਜਨਮ ਦਿੰਦੀ ਸੀ, ਉਸ ਨੂੰ ਮਨਹੂਸ, ਕੁਲਹਿਣੀ ਜਿਹੇ ਸ਼ਬਦ ਨਾਲ ਉਸ ਨੂੰ ਭੰਡਿਆ ਜਾਂਦਾ ਸੀ। ਇਹ ਵਰਤਾਰਾ ਅੱਜ ਵੀ ਕਿਤੇ ਕਿਤੇ ਵੇਖਣ ਨੂੰ ਆਮ ਮਿਲ ਜਾਂਦਾ ਹੈ। ਔਰਤ ਨੂੰ ਧੀ ਜੰਮਣ ਤੋ ਬਾਅਦ ਮਿਹਣੇ ਦਿੱਤੇ ਜਾਂਦੇ ਹਨ। ਬੁਰਾ ਭਲਾ ਕਿਹਾ ਜਾਂਦਾ ਹੈ। ਉਸਦਾ ਸਾਹ ਲੈਣਾ ਮੁਸ਼ਕਿਲ ਕਰ ਦਿੱਤਾ ਜਾਂਦਾ ਹੈ। ਸਾਡੇ ਸਮਾਜ ਵਿੱਚ ਤਕਰੀਬਨ ਬਹੁਤ ਪਰਿਵਾਰਾਂ ਦੀ ਇਹ ਸੋਚ ਹੁੰਦੀ ਹੈ ਕਿ ਸਾਡੇ ਪਰਿਵਾਰ ਵਿੱਚ ਕੇਵਲ ਲੜਕਾ ਹੀ ਜਨਮ ਲਵੇ।
ਇੱਥੋਂ ਤੱਕ ਕਿ ਔਰਤ ਨੂੰ ਧੀ ਜੰਮਣ ਕਾਰਨ ਛੱਡ ਵੀ ਦਿੱਤਾ ਜਾਂਦਾ ਹੈ, ਭਾਵ ਰਿਸ਼ਤਾ ਤੋੜ ਲਿਆ ਜਾਂਦਾ ਹੈ ਜਾਂ ਨੌਬਤ ਮਾਰਨ ਤੱਕ ਜਾ ਪਹੁੰਚਦੀ ਹੈ। ਮੂਰਖ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੁੰਦਾ ਹੈ, ਜਿਸ ਦੀ ਉਹ ਬੇਕਦਰੀ ਕਰ ਰਹੇ ਹੁੰਦੇ ਹਨ। ਇਹ ਸੱਚ ਹੈ ਕਿ ਜਿੱਥੇ ਲੜਕੀ ਦੀ ਲੋੜ ਹੈ ਸਮਾਜ ਨੂੰ, ਉੰਨੀ ਹੀ ਲੜਕੇ ਦੀ ਵੀ, ਪਰ ਲੜਕੀ ਲਈ ਹੀ ਮਾੜੀ ਸੋਚ ਕਿਉਂ? ਲੜਕੇ ਭਾਵੇਂ ਚਾਰ ਜੰਮ ਪੈਣ, ਕੋਈ ਨਹੀਂ ਅਫਸੋਸ ਕਰਦਾ, ਲੜਕੀ ਇੱਕ ਵੀ ਜੰਮੇ ਤੋਂ ਵੀ ਦੁਖੀ ਹੋ ਜਾਂਦੇ ਹਨ। ਪਹਿਲੇ ਸਮਿਆਂ ਵਿੱਚ ਜ਼ਿਆਦਾ ਤਕਨੀਕ ਨਾ ਹੋਣ ਕਾਰਣ ਪਤਾ ਨਹੀਂ ਸੀ ਲਗਦਾ ਕਿ ਮਾਂ ਦੇ ਪੇਟ ਵਿੱਚ ਲੜਕਾ ਹੈ ਜਾਂ ਲੜਕੀ, ਇਸ ਲਈ ਭਰੂਣ ਹੱਤਿਆ ਬਾਰੇ ਕੋਈ ਸੋਚਦਾ ਵੀ ਨਹੀਂ ਹੋਣਾ।