ਰਾਜਾ ਵੜਿੰਗ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ, ਕਹਿੰਦਾ 307 ਦਾ ਪਰਚਾ ਕਰਵਾਊਂ

Tags

ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਹੁਣ ਫਿਰ ਇਕ ਆਡੀਓ ਨੂੰ ਲੈ ਕੇ ਚਰਚਾ ਵਿਚ ਆਏ ਹੋਏ ਹਨ, ਜਿਸ ਵਿਚ ਉਹ ਕਿਸੇ ਕਾਂਗਰਸੀ ਆਗੂ ਨਾਲ ਗੱਲ ਕਰਦੇ ਹੋਏ ਕਿਸੇ ਹੋਰ ’ਤੇ ਪਰਚਾ ਦਰਜ ਕਰਵਾਉਣ ਦੀ ਗੱਲ ਕਰਦੇ ਸੁਣੇ ਜਾ ਰਹੇ ਹਨ। ਦਰਅਸਲ ਵਾਇਰਲ ਹੋ ਰਹੀ ਆਡੀਓ ਵਿਚ ਰਾਜਾ ਵੜਿੰਗ ਕਥਿਤ ਤੌਰ ’ਤੇ ਇਕ ਕਾਂਗਰਸੀ ਆਗੂ ਨਾਲ ਗੱਲ ਕਰ ਰਹੇ ਨੇ, ਜਿਸ ਵਿਚ ਕਾਂਗਰਸੀ ਆਗੂ ਰਾਜਾ ਵੜਿੰਗ ਨੂੰ ਕਿਸੇ ਹੋਰ ਆਗੂ ’ਤੇ ਪਰਚਾ ਨਾ ਕਰਨ ਦੀ ਗੱਲ ਆਖ ਰਿਹਾ ਹੈ।

ਇਸ ਆਡੀਉ ਵਿਚ ਵਿਅਕਤੀ ਵੱਲੋਂ ਤਰਲਾ ਕੀਤਾ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਨਾ ਕਰਨ। ਪਰ ਜਦੋਂ ਰਾਜਾ ਵੜਿੰਗ ਨੂੰ ਵਾਇਰਲ ਹੋ ਰਹੀ ਇਸ ਆਡੀਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀਆਂ ਬਹੁਤ ਸਾਰੀਆਂ ਫੇਕ ਆਡੀਓ-ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੈਂ ਇੰਨਾ ਬੇਵਕੂਫ਼ ਨਹੀਂ ਕਿ ਵਿਕਾਸ ਨਾ ਹੋਣ ’ਤੇ ਕਿਸੇ ਨੂੰ ਪਰਚਾ ਕਰਨ ਦੀ ਧਮਕੀ ਦੇਵਾਂ। ਉਹਨਾਂ ਅੱਗੇ ਕਿਹਾ ਕਿ ਜੇ ਕੋਈ ਉਹਨਾਂ ਨੂੰ ਗਲਤ ਬੋਲਦਾ ਹੈ ਤਾਂ ਉਹ ਉਸ ਨੂੰ ਰੋਕ ਸਕਦੇ ਹਨ ਪਰ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ। ਰਾਜਾ ਵੜਿੰਗ ਨੇ ਇਕ ਵਾਰ ਤਾਂ ਇਸ ਤੋਂ ਪੱਲਾ ਝਾੜ ਲਿਆ ਹੈ। ਪਰ ਸੱਚ ਅਜੇ ਸਾਹਮਣੇ ਨਹੀਂ ਆਇਆ।

ਇਸ ਆਡੀਓ ਵਿਚਲੀ ਆਵਾਜ਼ ਰਾਜਾ ਵੜਿੰਗ ਦੀ ਹੈ ਜਾਂ ਨਹੀਂ। ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਇਸ ਆਡੀਓ ਨਾਲ ਰਾਜਾ ਵੜਿੰਗ ਇਕ ਵਾਰ ਫਿਰ ਸੁਰਖ਼ੀਆਂ ਵਿਚ ਆ ਗਏ ਹਨ ਪਰ ਹੁਣ ਉਨ੍ਹਾਂ ਨੇ ਇਸ ਆਡੀਓ ’ਤੇ ਸਫ਼ਾਈ ਦਿੰਦਿਆਂ ਸਾਫ਼ ਕਰ ਦਿੱਤਾ ਏ ਕਿ ਉਨ੍ਹਾਂ ਨੇ ਕਿਸੇ ਨੂੰ ਅਜਿਹਾ ਕੁੱਝ ਨਹੀਂ ਆਖਿਆ ਜੋ ਆਡੀਓ ਵਿਚ ਕਿਹਾ ਜਾ ਰਿਹ ਹੈ।