ਗੁਰਦਾਸ ਮਾਨ ਨੇ ਹਿੰਦੀ ਬੋਲੀ ਦੇ ਮਾਮਲੇ 'ਚ ਦਿੱਤਾ ਸਪੱਸ਼ਟੀਕਰਨ

ਕੈਨੇਡਾ ਦੇ ਰੇਡੀਓ ਟਾਕ–ਸ਼ੋਅ ’ਚ ‘ਇੱਕ ਰਾਸ਼ਟਰ–ਇੱਕ ਭਾਸ਼ਾ’ ਦੇ ਵਿਚਾਰ ਦੀ ਹਮਾਇਤ ਕਰ ਕੇ ਕਸੂਤੇ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਹੀ ਪੰਜਾਬੀਆਂ ਦੇ ਇੱਕ ਗੁੱਟ ਨੇ ਖ਼ੂਬ ਹੰਗਾਮਾ ਕੀਤਾ। ਉਨ੍ਹਾਂ ਸੜਕ ਉੱਤੇ ਤਖ਼ਤੀਆਂ ਤੇ ਬੈਨਰ ਚੁੱਕ ਕੇ ਗੁਰਦਾਸ ਮਾਨ ਦਾ ਜ਼ੋਰਦਾਰ ਵਿਰੋਧ ਕੀਤਾ। ਰੋਸ ਮੁਜ਼ਾਹਰਾਕਾਰੀਆਂ ਨੇ ਕੈਨੇਡਾ ਦੇ ਪੰਜਾਬੀਆਂ ਨੂੰ ਗੁਰਦਾਸ ਮਾਨ ਤੇ ਉਨ੍ਹਾਂ ਦੇ ਸ਼ੋਅਜ਼ ਦਾ ਜ਼ੋਰਦਾਰ ਬਾਈਕਾਟ ਕਰਨ ਦੀ ਅਪੀਲ ਕੀਤੀ।

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ ਵਿਖੇ ਗੁਰਦਾਸ ਮਾਨ ਹੁਰਾਂ ਦਾ ਇੱਕ ਸ਼ੋਅ ਸੀ। ਇਹ ਸਾਰਾ ਹੰਗਾਮਾ ਸਨਿੱਚਰਵਾਰ ਨੂੰ ਹੋਇਆ। ਇੱਥੇ ਵਰਨਣਯੋਗ ਹੈ ਕਿ ਗੁਰਦਾਸ ਮਾਨ ਨੇ ਪਹਿਲਾ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਸੀ ਕਿ – ‘ਮਾਂ–ਬੋਲੀ ਦਾ ਸਤਿਕਾਰ ਹੋਣਾ ਚਾਹੀਦਾ ਹੈ ਤੇ ਉਸ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਪਰ ਅਸੀਂ ਕਿਉਂਕਿ ਭਾਰਤੀ ਹਾਂ, ਇਸ ਲਈ ਸਾਡੀ ਇੱਕ ਭਾਸ਼ਾ ਵੀ ਜ਼ਰੂਰ ਹੋਣੀ ਚਾਹੀਦੀ ਹੈ।’

ਇਸ ਦੌਰਾਨ ਗੁਰਦਾਸ ਮਾਨ ਨੇ ਕਿਹਾ ਕਿ ਹੁਣ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉੱਤੇ ਕਿਸੇ ਦਾ ਵੀ ਵਿਰੋਧ ਹੋਣਾ ਆਮ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਰੌਲ਼ਾ ਉਹ ਲੋਕ ਪਾ ਰਹੇ ਹਨ, ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈ। ਹੁਣ ਸੋਸ਼ਲ ਮੀਡੀਆ ਉੱਤੇ ਨਕਾਰਾਤਮਕ ਟਿੱਪਣੀਆਂ ਕਰਨਾ ਆਮ ਗੱਲ ਹੋ ਗਈ ਹੈ। ਜਿਨ੍ਹਾਂ ਨੇ ਆਪਣੀ ਮਾਂ–ਬੋਲੀ ਅਤੇ ਸਭਿਆਚਾਰ ਨੂੰ ਹੱਲਾਸ਼ੇਰੀ ਦੇਣੀ ਹੈ, ਉਹ ਆਪਣੇ ਤਰੀਕੇ ਨਾਲ ਕੰਮ ਕਰਦੇ ਰਹਿਣਗੇ।