ਖੇਤਾਂ ਵਿੱਚ ਦੀ ਜਾਨ ਬਚਾ ਭੱਜਿਆ ਕੈਪਟਨ ਦਾ ਇਹ ਮੰਤਰੀ, ਮਹਿਲਾਵਾਂ ਚੂੜੀਆਂ ਭੰਨ ਕੇ ਲਿਟ ਗਈਆਂ ਅੱਗੇ

Tags

ਕੈਪਟਨ ਸਰਕਾਰ ਖਿਲਾਫ ਜਨਤਾ ਦਾ ਗੁੱਸਾ ਵਧਦਾ ਜਾ ਰਿਹਾ ਹੈ। ਹੁਣ ਲੋਕ ਆਰਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਇਸ ਦੀ ਮਿਸਾਲ ਸ਼ਨੀਵਾਰ ਨੂੰ ਸੰਗਰੂਰ ਵਿੱਚ ਵੇਖਣ ਨੂੰ ਮਿਲੀ ਜਿੱਥੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਤਾਂ ਰਾਹੀਂ ਭੱਜ ਕੇ ਮੁਜ਼ਾਹਰਾਕਾਰੀਆਂ ਤੋਂ ਖਹਿੜਾ ਛੁਡਾਉਣਾ ਪਿਆ। ਇਸ ਮੌਕੇ ਹਾਲਾਤ ਕਾਫੀ ਤਣਾਅ ਵਾਲੇ ਬਣ ਗਏ। ਪ੍ਰਦਰਸ਼ਨਕਾਰੀਆਂ ’ਚ ਕਸੂਤੇ ਫਸੇ ਖੇਡ ਮੰਤਰੀ ਨੂੰ ਨਿਕਲਣ ਲਈ ਕੋਈ ਰਾਹ ਨਹੀਂ ਲੱਭਿਆ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਮੰਤਰੀ ਤੋਂ ਲਾਂਭੇ ਕਰਨ ਲਈ ਕਾਫੀ ਕੋਸ਼ਿਸ਼ ਕੀਤੀ ਪਰ ਆਖਰ ਬੇਵੱਸ ਨਜ਼ਰ ਆਈ।

ਪੁਲਿਸ ਨਾਲ ਖਿੱਚ ਧੂਹ ਦੌਰਾਨ ਕਈ ਪ੍ਰਦਰਸ਼ਨਕਾਰੀ ਬੇਹੋਸ਼ ਵੀ ਹੋ ਗਏ। ਆਖ਼ਰ ਪੁਲਿਸ ਖੇਡ ਮੰਤਰੀ ਨੂੰ ਵਾਪਸ ਸਿੰਗਲਾ ਦੀ ਕੋਠੀ ’ਚ ਲੈ ਗਈ। ਇਸ ਮਗਰੋਂ ਅਧਿਆਪਕਾਂ ਨੂੰ ਚਕਮਾ ਦੇ ਕੇ ਮੰਤਰੀ ਨੂੰ ਕੋਠੀ ਦੇ ਪਿਛਲੇ ਪਾਸੇ ਖੇਤਾਂ ਵਿੱਚੋਂ ਦੀ ਕੱਢਣਾ ਪਿਆ। ਦਰਅਸਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਸ਼ਨੀਵਾਰ ਦੁਪਹਿਰ ਪ੍ਰਦਰਸ਼ਨਕਾਰੀ ਈਜੀਐਸ ਅਧਿਆਪਕਾਂ ਵੱਲੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਘੇਰ ਲਿਆ ਗਿਆ। ਪ੍ਰਦਰਸ਼ਨਕਾਰੀ ਮਹਿਲਾ ਅਧਿਆਪਕਾਂ ਵੱਲੋਂ ਖੇਡ ਮੰਤਰੀ ਵੱਲ ਆਪਣੀਆਂ ਚੂੜੀਆਂ ਲਾਹ ਕੇ ਸੁੱਟੀਆਂ ਗਈਆਂ। ਅਧਿਆਪਕਾਂ ਰੁਜ਼ਗਾਰ ਦੀ ਮੰਗ ਕਰਦਿਆਂ ਮੰਤਰੀ ਅੱਗੇ ਲੇਟ ਗਈਆਂ ਜਿਸ ਕਰਕੇ ਹਾਲਾਤ ਤਣਾਅ ਵਾਲੇ ਬਣ ਗਏ।

ਦਰਅਸਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇੱਥੇ ਖੇਡਾਂ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮਗਰੋਂ ਦੁਪਹਿਰ ਕਰੀਬ 12 ਵਜੇ ਉਹ ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਪਹੁੰਚ ਗਏ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਖੇਡ ਮੰਤਰੀ ਨੂੰ ਸਿੰਗਲਾ ਦੀ ਕੋਠੀ ਵੱਲ ਤਾਂ ਜਾਣ ਦਿੱਤਾ ਗਿਆ ਪਰ ਜਦੋਂ ਕਰੀਬ ਘੰਟੇ ਮਗਰੋਂ ਉਹ ਵਾਪਸ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀ ਅਧਿਆਪਕ ਉਨ੍ਹਾਂ ਦੀ ਗੱਡੀ ਅੱਗੇ ਲੰਮੇ ਪੈ ਗਏ। ਮਾਹੌਲ ਤਣਾਅਪੂਰਨ ਹੋਣ ’ਤੇ ਪੁਲਿਸ ਖੇਡ ਮੰਤਰੀ ਨੂੰ ਸੁਰੱਖਿਅਤ ਵਾਪਸ ਸਿੰਗਲਾ ਦੀ ਕੋਠੀ ’ਚ ਲੈ ਗਈ। ਕਰੀਬ ਅੱਧੇ ਘੰਟੇ ਬਾਅਦ ਖੇਡ ਮੰਤਰੀ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਚਕਮਾ ਦਿੰਦਿਆਂ ਪੁਲਿਸ ਦੀ ਮਦਦ ਨਾਲ ਖੇਤਾਂ ਦੇ ਰਸਤੇ ਪੈਦਲ ਨਿਕਲ ਗਏ। ਰੋਹ ਵਿੱਚ ਆਏ ਈਜੀਐਸ ਅਧਿਆਪਕਾਂ ਵੱਲੋਂ ਯੂਨੀਅਨ ਆਗੂ ਮੱਖਣ ਤੋਲਾਵਾਲ ਤੇ ਦਵਿੰਦਰ ਮੁਕਤਸਰ ਦੀ ਅਗਵਾਈ ਹੇਠ ਸੰਗਰੂਰ-ਲੁਧਿਆਣਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਾ ਦਿੱਤਾ।

ਪੁਲਿਸ ਵਲੋਂ ਅਧਿਆਪਕਾਂ ਨੂੰ ਗੱਡੀ ਅੱਗਿਓਂ ਹਟਾਉਣ ਲਈ ਹਰ ਸੰਭਵ ਯਤਨ ਕੀਤੇ ਪਰ ਅਧਿਆਪਕ ਟੱਸ ਤੋਂ ਮੱਸ ਨਾ ਹੋਏ। ਜਦੋਂ ਖੇਡ ਮੰਤਰੀ ਰਾਣਾ ਸੋਢੀ ਗੱਡੀ ’ਚੋਂ ਉਤਰ ਕੇ ਪੈਦਲ ਜਾਣ ਲੱਗੇ ਤਾਂ ਅਧਿਆਪਕਾਂ ਨੂੰ ਫਿਰ ਘੇਰ ਲਿਆ। ਇਸੇ ਦੌਰਾਨ ਮਹਿਲਾ ਅਧਿਆਪਕਾਂ ਨੇ ਖੇਡ ਮੰਤਰੀ ਵੱਲ ਚੂੜੀਆਂ ਸੁੱਟੀਆਂ ਤੇ ਰੁਜ਼ਗਾਰ ਮੰਗਣ ਲਈ ਮੰਤਰੀ ਅੱਗੇ ਡਿੱਗ ਪਈਆਂ। ਗੱਲ ਨਾ ਸੁਣੇ ਜਾਣ ’ਤੇ ਸੈਂਕੜੇ ਅਧਿਆਪਕ ਲੁਧਿਆਣਾ ਰੋਡ ’ਤੇ ਬਣੇ ਰੇਲਵੇ ਓਵਰਬਰਿੱਜ ’ਤੇ ਜਾ ਪੁੱਜੇ ਤੇ ਰੇਲ ਗੱਡੀ ਅੱਗੇ ਛਾਲਾਂ ਮਾਰਨ ਦਾ ਐਲਾਨ ਕਰ ਦਿੱਤਾ।

ਇਸ ਐਲਾਨ ਤੋਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਵੱਡੀ ਤਾਦਾਦ ’ਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਸ਼ਾਮ ਕਰੀਬ ਸਾਢੇ ਛੇ ਵਜੇ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟ੍ਰੇਟ ਸ਼ਵਿੰਦਰ ਸਿੰਘ ਤੇ ਡੀਐਸਪੀ ਸੱਤਪਾਲ ਸ਼ਰਮਾ ਓਵਰਬਰਿੱਜ ’ਤੇ ਪੁੱਜੇ ਤੇ 15 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਮੀਟਿੰਗ ਕਰਵਾਉਣ ਤੇ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਲੈ ਕੇ ਦੇਣ ਦਾ ਭਰੋਸਾ ਦਿਵਾਇਆ ਗਿਆ ਜਿਸ ਮਗਰੋਂ ਅਧਿਆਪਕਾਂ ਨੇ ਧਰਨਾ ਸਮਾਪਤ ਕੀਤਾ।