ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਪਟਨ ਨੇ ਇਸ ਐਮ. ਐਲ. ਏ. ਨੂੰ ਬਣਾਇਆ ਮੰਤਰੀ

Tags

ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ 'ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ ਵੱਡਾ ਬਿਆਨ ਦੇ ਗਏ। ਬੇਸ਼ੱਕ ਕੈਪਟਨ ਇਹ ਕਹਿ ਚੁੱਕੇ ਸਨ ਕਿ ਸਿੱਧੂ ਦੇ ਬਿਆਨਾਂ ਕਾਰਨ ਪਾਰਟੀ ਦਾ ਨੁਕਸਾਨ ਹੋਇਆ ਹੈ ਪਰ ਵੇਰਕਾ ਦਾ ਦਾਅਵਾ ਹੈ ਕਿ ਸਿੱਧੂ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਿੱਧੂ ਸਾਬ ਉਨ੍ਹਾਂ ਦੇ ਦੋਸਤ ਹਨ ਅਤੇ ਬਿਜਲੀ ਵਿਭਾਗ ਵਿੱਚ ਕਈ ਖਾਮੀਆਂ ਸਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਉਹ ਖਾਮੀਆਂ ਦੂਰ ਕਰਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਉਣਾ ਚਾਹੀਦਾ ਸੀ।

ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਦੀ ਜਗ੍ਹਾ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਏ ਜਾਣ ਅਤੇ ਹੁਣ ਕੈਬਨਿਟ ਮਨਿਸਟਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸ਼ਹਿਰ ਤੋਂ ਡਾ. ਰਾਜ ਕੁਮਾਰ ਵੇਰਕਾ ਨੂੰ ਹੀ ਕੈਬਨਿਟ ਵਜ਼ੀਰ ਦਾ ਰੈਂਕ ਮਿਲਣ 'ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਨੂੰ ਕੈਬਨਿਟ ਵਿੱਚੋਂ ਕਿਸੇ ਨੇ ਬਾਹਰ ਨਹੀਂ ਕੀਤਾ, ਸਗੋਂ ਉਹ ਖ਼ੁਦ ਹੀ ਮਹਿਕਮਾ ਅਤੇ ਕੈਬਨਿਟ ਰੈਂਕ ਛੱਡ ਕੇ ਗਏ ਸਨ। ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਬਾਰੇ ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਪਾਰਟੀ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਵਿਚਾਰਾਂ ਦੀ ਲੜਾਈ ਹੈ। ਦੋਵੇਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ ਅਤੇ ਪਿਛਲੇ ਦਿਨਾਂ ਵਿੱਚੋਂ ਸਿੱਧੂ ਦੇ ਜੋ ਬਿਆਨ ਆ ਰਹੇ ਹਨ ਮੀਡੀਆ ਵਿੱਚ ਉਸ ਵਿੱਚ ਉਹ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਨੇ ਇਸ ਨਾਲ ਕੋਈ ਵੀ ਪਾਰਟੀ ਨੂੰ ਨੁਕਸਾਨ ਨਹੀਂ ਹੋ ਰਿਹਾ।

ਵੇਰਕਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਇਸ ਵਿਵਾਦ ਨੂੰ ਹੱਲ ਕਰਨ ਲਈ ਢਿੱਲੀ ਨਹੀਂ ਪੈ ਰਹੀ। ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਸਿੱਧੂ ਬਾਰੇ ਕੋਈ ਹੋਰ ਚੰਗਾ ਸੋਚਿਆ ਹੋਵੇ ਤੇ ਇਸ ਦੀ ਖ਼ਬਰ ਸਿੱਧੂ ਸਾਹਿਬ ਨੂੰ ਵੀ ਹੋ ਸਕਦੀ ਹੈ, ਅਸੀਂ ਸਾਰੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ। ਸਿੱਧੂ ਵੱਲੋਂ ਵਰਕਰਾਂ ਦੇ ਹੱਕ ਵਿੱਚ ਧਰਨੇ ਦੇਣ ਦੇ ਐਲਾਨ ਬਾਰੇ ਵੇਰਕਾ ਨੇ ਕਿਹਾ ਕਿ ਬਤੌਰ ਮੰਤਰੀ ਸਿੱਧੂ ਨੇ ਆਪਣੇ ਹਲਕੇ ਦੇ ਵਿੱਚ ਕਰੋੜਾਂ ਦੇ ਪ੍ਰਾਜੈਕਟ ਲਿਆਂਦੇ ਹਨ ਤੇ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸ ਤਰ੍ਹਾਂ ਦੀ ਕੋਈ ਨੌਬਤ ਆਏਗੀ। ਕੈਬਨਿਟ ਮਨਿਸਟਰ ਦੀ ਦੌੜ 'ਚੋਂ ਪੱਛੜਣ 'ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਵੇਰਕਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ, ਜਦੋਂ ਉਨ੍ਹਾਂ ਨੇ ਇਸ ਦੀ ਵਰਤੋਂ ਕਰਨੀ ਹੋਈ ਤਾਂ ਉਹ ਜ਼ਰੂਰ ਕਰਨਗੇ। ਵੇਰਕਾ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਕਿਸੇ ਅਹੁਦੇ ਦੀ ਖਾਹਿਸ਼ ਨਹੀਂ ਕੀਤੀ ਉਨ੍ਹਾਂ ਨੂੰ ਜੋ ਸੇਵਾ ਮਿਲੀ ਉਹ ਉਸ ਨੂੰ ਬਾਖੂਬੀ ਨਿਭਾਉਂਦੇ ਆਏ ਹਨ।