ਕਰਤਾਰਪੁਰ ਲਾਂਘੇ ਤੋਂ ਆਈ ਖੁਸ਼ੀ ਦੀ ਖ਼ਬਰ, ਮਿੰਟਾਂ 'ਚ ਝੁਕ ਗਿਆ ਪਾਕਿਸਤਾਨ

Tags

ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਚਾਲੂ ਕਰਨ ਦੀ ਰੂਪ-ਰੇਖਾ ਤਿਆਰ ਕਰਨ ਬਾਰੇ ਗੱਲਬਾਤ ਦਾ ਦੂਜਾ ਦੌਰ ਅੱਜ ਪਾਕਿਸਤਾਨ ਦੇ ਵਾਹਗਾ ਵਿਖੇ ਹੋਇਆ। ਭਾਰਤੀ ਵਫ਼ਦ ਦੀ ਅਗਵਾਈ ਗ੍ਰਿਹ ਮੰਤਰਾਲਾ ਦੇ ਸੰਯੁਕਤ ਸਕੱਤਰ, ਸ਼੍ਰੀ ਐੱਸਸੀਐੱਲ ਦਾਸ ਨੇ ਕੀਤੀ ਅਤੇ ਇਸ ਵਫ਼ਦ ਵਿੱਚ ਗ੍ਰਿਹ ਮੰਤਰਾਲਾ, ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ,ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਵ੍ ਇੰਡੀਆ ਦੇ ਨੁਮਾਇੰਦੇ ਸ਼ਾਮਲ ਹੋਏ। ਅੱਜ ਹੋਈ ਮੀਟਿੰਗ ਵਿੱਚ ਕਰਤਾਰਪੁਰ ਸਾਹਿਬ ਕੌਰੀਡੋਰ ਜਾਣ ਵਾਲੇ ਤੀਰਥ ਯਾਤਰੀਆਂ ਦੀ ਸੁਵਿਧਾ ਲਈ ਰੂਪ-ਰੇਖਾ ਅਤੇ ਸਮਝੌਤੇ ਦੇ ਖਰੜੇ ਅਤੇ ਕੌਰੀਡੋਰ ਲਈ ਵਿਕਸਿਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਬਾਰੇ ਚਰਚਾ ਹੋਈ।

ਮੀਟਿੰਗ ਵਿੱਚ ਮਾਰਚ, ਅਪ੍ਰੈਲ ਅਤੇ ਮਈ 2019 ਵਿੱਚ ਹੋਈਆਂ ਤਕਨੀਕੀ ਮੀਟਿੰਗਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਕ੍ਰਾਸਿੰਗ ਪੁਆਇੰਟ/ਜ਼ੀਰੋ ਪੁਆਇੰਟ ਕੋਆਰਡੀਨੇਟਸ ਦੀ ਪੁਸ਼ਟੀ ਕੀਤੀ ਜਿਸ ‘ਤੇ ਤਕਨੀਕੀ ਪੱਧਰ ਦੀ ਵਾਰਤਾ ਵਿੱਚ ਸਹਿਮਤੀ ਜਤਾਈ ਗਈ ਸੀ। ਭਾਰਤੀ ਧਿਰ ਨੇ ਪਾਕਿਸਤਾਨ ਵੱਲੋਂ ਉਨ੍ਹਾਂ ਵੱਲ ਪ੍ਰਸਤਾਵਿਤ ਮਿੱਟੀ ਤੋਂ ਭਰੇ ਪੁਲ਼ ਵਾਲੀ ਸੜਕ ਜਾਂ ਕਾਜ਼ਵੇ (ਸੇਤੂ ਮਾਰਗ) ਕਾਰਨ ਡੇਰਾ ਬਾਬਾ ਨਾਨਕ ਅਤੇ ਭਾਰਤੀ ਪਾਸੇ ਦੇ ਨੇੜੇ ਦੇ ਖੇਤਰਾਂ ਵਿੱਚ ਸੰਭਾਵਿਤ ਹੜ੍ਹ ਨੂੰ ਲੈਕੇ ਚਿੰਤਾ ਜਤਾਈ।

ਭਾਰਤੀ ਵਫ਼ਦ ਨੇ ਪਾਕਿਸਤਾਨ ਨਾਲ ਹੜ੍ਹਾਂ ਬਾਰੇ ਆਪਣੇ ਜਾਇਜ਼ੇ ਨੂੰ ਸਾਂਝਾ ਕੀਤਾ। ਭਾਰਤ ਨੇ ਸਪਸ਼ਟ ਤੌਰ ‘ਤੇ ਸੂਚਿਤ ਕੀਤਾ ਕਿ ਮਿੱਟੀ ਭਰ ਕੇ ਸੜਕ ਬਣਾਉਣ ਜਾਂ ਕਾਜ਼ਵੇ ਬਣਾਉਣ ਨਾਲ ਸਾਡੇ ਪਾਸੇ ਵਾਲੇ ਲੋਕਾਂ ਨੂੰ ਹੜ੍ਹਾਂ ਦਾ ਖਤਰਾ ਪੈਦਾ ਹੋਵੇਗਾ ਅਤੇ ਇਸ ਨੂੰ ਅੰਤਰਿਮ ਤੌਰ ‘ਤੇ ਵੀ ਨਹੀਂ ਬਣਾਇਆ ਜਾਣਾ ਚਾਹੀਦਾ। ਜੋ ਪੁਲ਼ ਭਾਰਤ ਆਪਣੇ ਪਾਸੇ ਬਣਾ ਰਿਹਾ ਹੈ ਉਸ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਪਾਕਿਸਤਾਨੀ ਧਿਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੇ ਪਾਸੇ ਪੁਲ਼ ਉਸਾਰਨ। ਇਸ ਨਾਲ ਹੜ੍ਹ ਦੀ ਸਮੱਸਿਆ ਹੀ ਖ਼ਤਮ ਨਹੀਂ ਹੋਵੇਗੀ ਸਗੋਂ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਸਾਰਾ ਸਾਲ ਜਾਰੀ ਰਹਿ ਸਕੇਗੀ।

ਪਾਕਿਸਤਾਨੀ ਧਿਰ ਸਿਧਾਂਤਕ ਤੌਰ ‘ਤੇ ਜਲਦੀ ਤੋਂ ਜਲਦੀ ਪੁਲ਼ ਬਣਾਉਣ ਲਈ ਸਹਿਮਤ ਹੋ ਗਈ ਪਰ ਜਦ ਤੱਕ ਪੁਰਾਣੇ ਰਾਵੀ ਕ੍ਰੀਕ ਉੱਤੇ ਪਾਕਿਸਤਾਨ ਵਾਲੇ ਪਾਸੇ ਪੁਲ਼ ਨਹੀਂ ਬਣਦਾ, ਭਾਰਤ ਨੇ ਇਸ ਲਈ ਅੰਤ੍ਰਿਮ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ, ਤਾਕਿ ਨਵੰਬਰ, 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ ਕੌਰੀਡੋਰ ਨੂੰ ਚਾਲੂ ਕੀਤਾ ਜਾ ਸਕੇ। ਭਾਰਤ ਨੇ ਪਾਕਿਸਤਾਨ ਨੂੰ ਤਾਕੀਦ ਕੀਤੀ ਕਿ ਉਹ ਤੀਰਥ ਯਾਤਰੀਆਂ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰੇ ਕਿ ਉਨ੍ਹਾਂ ਨੂੰ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪੂਰਾ ਸਾਲ ਬੇ-ਰੋਕਟੋਕ, ਅਸਾਨ ਦਰਸ਼ਨਾਂ ਦਾ ਮੌਕਾ ਹਾਸਲ ਹੋਵੇ।