ਬਠਿੰਡਾ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ

Tags

ਲੋਕ ਸਭਾ ਚੋਣਾਂ 'ਚ ਸੂਬੇ ਦੀਆਂ ਹਾਟ ਸੀਟਾਂ 'ਚੋਂ ਬਠਿੰਡਾ ਹਲਕਾ ਖਾਸ ਸਿਆਸੀ ਪਾਰਟੀਆਂ ਜਿਵੇਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਜਤ ਦਾ ਸਵਾਲ ਬਣ ਗਿਆ ਹੈ। 15 ਸਾਲਾ ਤੋਂ ਇਸ ਸੀਟ 'ਤੇ ਕਬਜ਼ਾ ਕਰਕੇ ਬੈਠੇ ਬਾਦਲ ਪਰਿਵਾਰ ਨੇ ਆਪਣੀ ਸਥਿਤੀ ਨੂੰ ਮੁੜ ਮਜ਼ਬੂਤ ਕਰਨ ਲਈ ਸੋਚ-ਸਮਝ ਕੇ ਕਦਮ ਰੱਖਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਇਸ ਵਾਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਬਠਿੰਡਾ ਹਲਕੇ ਤੋਂ ਕਾਂਗਰਸ ਵਲੋਂ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ਦੀ ਮਦਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਕੀਤੀ ਜਾਵੇਗੀ।

ਦੂਜੇ ਪਾਸੇ ਮਨਪ੍ਰੀਤ ਬਾਦਲ ਆਪਣੇ ਹਰ ਚੋਣ ਪ੍ਰਚਾਰ 'ਚ ਬਾਦਲ ਪਰਿਵਾਰ ਦਾ ਹੰਕਾਰ ਤੋੜਨ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਅਕਾਲੀ-ਭਾਜਪਾ ਗੱਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੁੰਦਿਆਂ ਬਠਿੰਡਾ ਹਲਕੇ ਦੇ ਕਰਵਾਏ ਵਿਕਾਸ ਕਾਰਜਾਂ ਅਤੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਦੱਸ ਕੇ ਵੋਟ ਮੰਗ ਰਹੀ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਲੋਕ ਮੁੱਦੇ ਉਠਾਉਣ ਦੀ ਥਾਂ ਚੋਣ ਨੂੰ ਅਮੀਰ ਅਤੇ ਗਰੀਬ ਦੀ ਲੜਾਈ ਦੇ ਨਾਲ-ਨਾਲ ਅਕਾਲੀ-ਭਾਜਪਾ ਸਰਕਾਰ ਦੌਰਾਨ ਬਾਦਲ ਪਰਿਵਾਰ 'ਤੇ ਲੁੱਟਮਾਰ ਕਰਨ ਦੇ ਦੋਸ਼ ਲਗਾ ਰਿਹਾ ਹੈ।

ਉਧਰ ਦੂਜੇ ਪਾਸੇ ਕਾਂਗਰਸ ਵਲੋਂ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਘੇਰਦੀ ਹੋਈ ਨਜ਼ਰ ਆ ਰਹੀ ਹੈ। ਜਨ ਸਭਾ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਕਹਿੰਦੀ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਬਾਦਲ ਪਰਿਵਾਰ 'ਚ ਦਰਾਰ ਪੈਦਾ ਕਰਨ ਲਈ ਉਸ ਦੇ ਦਿਓਰ ਮਨਪ੍ਰੀਤ ਬਾਦਲ ਨੂੰ ਇਸ ਹਲਕੇ ਤੋਂ ਟਿਕਟ ਦੇ ਦਿੱਤੀ ਸੀ।