ਕਾਂਗਰਸੀ MLA ਜ਼ੀਰਾ ਨੂੰ ਫੇਰ ਆਪਣਿਆਂ ਨੇ ਹੀ ਲਿਆ ਘੇਰ

Tags

ਅੱਜ ਹਲਕਾ ਜ਼ੀਰਾ ਦੇ ਲੋਕ ਮੌਜੂਦਾ ਕਾਂਗਰਸੀ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਰੋਸ ਵਿਚ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਸ਼ਰਾਬ ਠੇਕੇਦਾਰ ਫਰਮਾਨ ਸਿੰਘ, ਜਿਨ੍ਹਾਂ ਦੇ ਪਿਛਲੇ ਦਿਨੀਂ ਕੁਲਬੀਰ ਸਿੰਘ ਜ਼ੀਰਾ 'ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ, ਦੀ ਅਗਵਾਈ ਸੜਕਾਂ 'ਤੇ ਉਤਰ ਆਏ ਅਤੇ ਸੈਂਕੜੇ ਗੱਡੀਆਂ ਦੇ ਕਾਫੇ ਰਾਹੀਂ ਅੱਜ ਮੱਖੂ ਤੋਂ ਜ਼ੀਰਾ ਤੱਕ ਰੋਸ ਰੈਲੀ ਕੱਢੀ ਗਈ। ਇਸ ਮੌਕੇ ਰੋਸ ਰੈਲੀ ਵਿਚ ਨਸ਼ਾ ਤਸਕਰਾਂ, ਰੇਤ ਮਾਫੀਆ, ਡਰੱਗ ਮਾਫੀਆ, ਗੈਂਗਸਟਰਾਂ ਨਾਲ ਸਬੰਧਾਂ ਦਾ ਦੋਸ਼ ਲਗਾਉਂਦਿਆਂ ਕੁਲਬੀਰ ਸਿੰਘ ਜ਼ੀਰਾ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ ਗਈ। 

ਹਲਕੇ ਦੇ ਲੋਕਾਂ ਨੇ ਕਾਲੇ ਝੰਡੇ ਅਤੇ ਕੁਲਬੀਰ ਸਿੰਘ ਜ਼ੀਰਾ ਖਿਲਾਫ ਲਿਖੇ ਫਿਕਰੇ ਵਾਲੀਆਂ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ ਅਤੇ ਮੱਥੇ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਜ਼ੀਰਾ ਹਲਕੇ ਵਿਚ ਜੋ ਧੱਕੇਸ਼ਾਹੀ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕੀਤੀ ਜਾ ਰਹੀ ਹੈ, ਉਸ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ। ਇਹ ਸਭ ਕੁਝ ਹੁਣ ਲੋਕਾਂ ਦੇ ਸਹਿਣ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਨਾਲ ਜੇ ਕੋਈ ਧੱਕਾ ਕਰੇ ਤਾਂ ਵਿਧਾਇਕ ਦਾ ਕੰਮ ਉਸ ਨੂੰ ਰੋਕਣਾ ਹੁੰਦਾ ਹੈ ਪਰ ਮੌਜੂਦਾ ਐਮ. ਐਲ. ਏ. ਖੁਦ ਹੀ ਆਪਣੇ ਹਲਕੇ ਦੇ ਲੋਕਾਂ ਨਾਲ ਧੱਕੇਸ਼ਾਹੀਆ ਕਰ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।