ਅਕਸ਼ੇ ਕੁਮਾਰ ਨੇ ਸੌਦਾ ਸਾਧ ਤੇ ਸੁਖਬੀਰ ਦੀ ਮੀਟਿੰਗ ਬਾਰੇ ਦਿੱਤੀ ਸਫ਼ਾਈ

Tags

ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਉਹ ਆਪਣੀ ਜ਼ਿੰਦਗੀ 'ਚ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ ਹਨ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਅਫਵਾਹਾਂ 'ਚ ਇਕ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ, ਜਿਸ 'ਚ ਸੁਖਬੀਰ ਬਾਦਲ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ, ''ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਵੇਲੇ ਗੁਰਮੀਤ ਰਾਮ ਰਹੀਮ ਮੇਰੇ ਰਿਹਾਇਸ਼ੀ ਇਲਾਕੇ ਜੁਹੂ ਮੁੰਬਈ 'ਚ ਰਿਹਾ ਸੀ ਪਰ ਅਸੀਂ ਕਦੇ ਵੀ ਨਹੀਂ ਮਿਲੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਅਜਿਹੀਆਂ ਫਿਲਮਾਂ ਹੀ ਕੀਤੀਆਂ ਹਨ, ਜਿਹੜੀਆਂ ਪੰਜਾਬੀ ਸੱਭਿਆਚਾਰ ਅਤੇ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਦੀਆਂ ਹਨ। ਜਿਵੇਂ ਕਿ 'ਸਿੰਘ ਇਜ਼ ਕਿੰਗ' ਅਤੇ 'ਕੇਸਰੀ' ਆਦਿ। ਮੇਰੇ ਲਈ ਸਿੱਖ ਧਰਮ ਲਈ ਬਹੁਤ ਇਜ਼ੱਤ ਹੈ। ਮੈਂ ਕਦੇ ਅਜਿਹਾ ਕੁਝ ਨਹੀਂ ਕਰਾਂਗਾ, ਜੋ ਕਦੇ ਮੇਰੇ ਪੰਜਾਬੀ ਭੈਣਾਂ ਅਤੇ ਭਰਾਵਾਂ ਨੂੰ ਦੁੱਖ ਪਹੁੰਚਾਵੇ।'' ਅਕਸ਼ੈ ਕੁਮਾਰ ਨੇ ਅੰਤ 'ਚ ਲਿਖਿਆ, ''ਮੈਂ ਚੁਣੌਤੀ ਦਿੰਦਾ ਹਾਂ ਕਿ ਕੋਈ ਮੇਰੇ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਵੇ।''

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ 2015 'ਚ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਤੇ ਪੁਲਸ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਬਾਦਲਾਂ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਸੁਪਰਸਟਾਰ ਐਕਟਰ ਅਕਸ਼ੈ ਕੁਮਾਰ ਨੂੰ ਸੰਮਨ ਭੇਜਣ ਪਿੱਛੇ ਉਨ੍ਹਾਂ ਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਐੱਸ. ਆਈ. ਟੀ. ਇਕ ਸੁਤੰਤਰ ਏਜੰਸੀ ਹੈ ਅਤੇ ਉਹ ਬਿਨਾਂ ਕਿਸੇ ਸਰਕਾਰੀ ਦਖਲ–ਅੰਦਾਜ਼ੀ ਦੇ ਕੰਮ ਕਰ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਭੂਮਿਕਾ ਸਿਰਫ ਨਿਰਪੱਖ ਪੁਲਸ ਅਧਿਕਾਰੀਆਂ ਦੀ ਪ੍ਰਧਾਨਗੀ 'ਚ ਐੱਸ. ਆਈ. ਟੀ. ਦਾ ਗਠਨ ਕਰਨ ਤੱਕ ਸੀਮਤ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਐੱਸ. ਆਈ. ਟੀ. ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਸੀ। ਹੁਣ ਜਾਂਚ ਦਾ ਕੰਮ ਐੱਸ. ਆਈ. ਟੀ. 'ਤੇ ਨਿਰਭਰ ਕਰਦਾ ਹੈ।

ਜ਼ਿਕਰਯੋਗ ਹੈ ਕਿ ਐੱਸ. ਆਈ. ਟੀ. ਨੇ ਬੀਤੇ ਦਿਨੀਂ ਬਾਦਲਾਂ ਤੇ ਬਾਲੀਵੁੱਡ ਦੇ ਸੁਪਰਸਟਾਰ ਐਕਟਰ ਅਕਸ਼ੈ ਕੁਮਾਰ ਨੂੰ ਸੰਮਨ ਭੇਜੇ ਸਨ। ਮੁੱਖ ਮੰਤਰੀ ਨੇ ਯੋਗ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਚੋਣ ਵਾਅਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਟੈਂਡਰ ਲਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਸਮਾਰਟ ਫੋਨ ਦੀ ਵੰਡ ਦਾ ਕੰਮ ਵੀ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਾਰੇ ਚੋਣ ਵਾਅਦਿਆਂ ਦਾ ਅਹਿਸਾਸ ਹੈ ਅਤੇ ਸਰਕਾਰ ਉਨ੍ਹਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਅਧਿਆਪਕਾਂ ਦੇ ਅੰਦੋਲਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਬਦਲ ਦਿੱਤਾ ਹੈ ਕਿ ਜਾਂ ਤਾਂ ਉਹ ਰੈਗੂਲਰ ਸੇਵਾ ਨੂੰ ਜੁਆਇਨ ਕਰ ਲੈਣ ਜਾਂ ਫਿਰ ਠੇਕੇ ਦੇ ਆਧਾਰ 'ਤੇ ਹੀ ਕੰਮ ਕਰਦੇ ਰਹਿਣ। ਹੁਣ ਫੈਸਲਾ ਲੈਣਾ ਅਧਿਆਪਕਾਂ 'ਤੇ ਨਿਰਭਰ ਕਰਦਾ ਹੈ।