ਵਿਆਹ ਤੇ ਡੀ.ਜਾ, ਲਾਉਣ ਦੀ ਬਜਾਏ ਕੀਤਾ ਇਹ ਕੰਮ

Tags

ਕਿਤਾਬਾਂ ਮਨੁੱਖ ਦਾ ਸੱਚਾ ਦੋਸਤ ਹੁੰਦੀਆਂ ਹਨ ਪਰ ਖੁਸ਼ੀ, ਤਿਉਹਾਰਾਂ ਤੇ ਵਿਆਹ ਦੇ ਮੌਕਿਆਂ 'ਤੇ ਅਸੀਂ ਆਪਣੇ ਇਸ ਦੋਸਤ ਨੂੰ ਸੱਦਾ ਦੇਣਾ ਭੁੱਲ ਜਾਂਦੇ ਹਾਂ ਪਰ ਵਿਆਹ ਪੰਜਾਬੀ ਕਹਾਣੀਕਾਰ ਪ੍ਰੀਤਨੀਤਪੁਰੀ ਦੀ ਧੀ ਦਾ ਹੋਵੇ, ਲਾੜਾ ਇੰਜੀਨੀਅਰ ਹੋਵੇ, ਲਾੜੀ ਅਸਿਸਟੈਂਟ ਪ੍ਰੋਫੈਸਰ ਹੋਵੇ ਅਤੇ ਵਿਆਹ 'ਚ ਕਿਤਾਬਾਂ ਨੂੰ ਸੱਦਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਸੀ। ਕਹਾਣੀਕਾਰ ਪ੍ਰੀਤਨੀਤਪੁਰੀ ਦੀ ਧੀ ਕੌਰਪਾਲ ਤੇ ਸੰਦੀਪ ਦੇ ਇਸ ਅਨੋਖੇ ਵਿਆਹ 'ਚ ਡੀ. ਜੇ. ਦੇ ਸ਼ੋਰ-ਸ਼ਰਾਬੇ ਤੋਂ ਦੂਰ ਕਿਤਾਬਾਂ ਦਾ ਸਟਾਲ ਲਗਾਇਆ ਗਿਆ ਅਤੇ ਕਿਤਾਬਾਂ ਦੀ ਇਸ ਪ੍ਰਦਰਸ਼ਨੀ ਕਾਰਨ ਵਿਆਹ ਦਾ ਮਾਹੌਲ ਹੀ ਬਦਲ ਗਿਆ।

ਵਿਆਹ 'ਚ ਪੁੱਜੇ ਜ਼ਿਆਦਾਤਰ ਲੋਕਾਂ ਵਿਚ ਸਾਹਿਤਕਾਰ, ਕਵੀ ਤੇ ਸ਼ਾਇਰ ਸ਼ਾਮਲ ਸਨ। ਪਿੰਡ ਭਾਰਟਾ-ਗਣੇਸ਼ਪੁਰ ਨੇੜੇ ਪੈਲੇਸ 'ਚ ਹੋਏ, ਇਸ ਵਿਆਹ ਸਮਾਗਮ ਦਾ ਨਜ਼ਾਰਾ ਹੀ ਵੱਖ ਸੀ। ਡੀਜੇ ਦੀ ਥਾਂ 'ਤੇ ਸਾਹਿਤਕਾਰਾਂ, ਕਵੀਆਂ ਤੇ ਸ਼ੇਅਰੋ-ਸ਼ਾਇਰੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਤੇ ਇਸ ਵਿਆਹ ਨੇ ਨਵੀਂ ਪਿਰਤ ਪਾ ਦਿੱਤੀ। ਵਿਆਹ 'ਚ ਆਏ ਮਹਿਮਾਨਾਂ ਨੇ 9000 ਦੀਆਂ ਕਿਤਾਬਾਂ ਖਰੀਦੀਆਂ ਤੇ ਸਾਹਿਤ ਤੇ ਕਲਾ ਪ੍ਰੇਮੀਆਂ ਲਈ ਵਿਆਹ ਇਕ ਮਿਸਾਲ ਹੋ ਨਿਬੜਿਆ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਵਿਆਹ 'ਚ ਇਨ੍ਹਾਂ ਦੋਸਤਾਂ (ਕਿਤਾਬਾਂ) ਨੂੰ ਸੱਦਾ ਦੇਣਾ ਨਹੀਂ ਭੁੱਲੋਗੇ।