ਜਿੱਥੇ ਝੋਨੇ ਦਾ ਝਾੜ ਘਟਣ ਕਾਰਨ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਪਤਲੀ ਹੋਈ ਹੈ, ਉੱਥੇ ਹੀ ਕਿਸਾਨਾਂ ਨੂੰ ਹੁਣ ਇਕ ਹੋਰ ਝਟਕਾ ਲੱਗਾ ਹੈ। ਡੀ. ਏ. ਪੀ. ਤੋਂ ਲੈ ਕੇ ਐੱਨ. ਪੀ. ਖਾਦਾਂ ਦੀਆਂ ਕੀਮਤਾਂ ਵਧ ਗਈਆਂ ਹਨ। 50 ਕਿਲੋ ਡੀ. ਏ. ਪੀ. ਖਾਦ ਦਾ ਬੋਰਾ ਹੁਣ 1,450 ਰੁਪਏ 'ਚ ਮਿਲੇਗਾ। ਹਾਲ ਹੀ 'ਚ ਇਹ 1,400 ਰੁਪਏ 'ਚ ਮਿਲ ਰਿਹਾ ਸੀ। ਪੰਜਾਬ 'ਚ ਕਿਸਾਨ ਕਣਕ, ਆਲੂ, ਗੰਨਾ ਅਤੇ ਹੋਰ ਫਸਲਾਂ 'ਚ ਡੀ. ਏ. ਪੀ. ਦੀ ਵਰਤੋਂ ਕਰਦੇ ਹਨ।
ਹੁਣ ਕਿਸਾਨਾਂ ਨੂੰ ਇਨ੍ਹਾਂ ਖਾਦਾਂ ਲਈ ਜੇਬ ਢਿੱਲੀ ਕਰਨੀ ਪਵੇਗੀ। ਡੀ-ਆਮੋਨੀਅਮ ਫਾਸਫੇਟ (ਡੀ. ਏ. ਪੀ.) ਦੇ ਇਲਾਵਾ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ (ਐੱਨ. ਪੀ. ਕੇ.-1) ਖਾਦ ਦੇ 50 ਕਿਲੋ ਬੋਰੇ ਦੀ ਕੀਮਤ 1,365 ਰੁਪਏ ਹੋ ਗਈ ਹੈ। ਉੱਥੇ ਹੀ 50 ਕਿਲੋ ਐੱਨ. ਪੀ. ਕੇ.-2 ਦੀ ਕੀਮਤ 1,375 ਰੁਪਏ ਅਤੇ ਐੱਨ. ਪੀ. ਖਾਦ ਦੀ ਕੀਮਤ 1,065 ਰੁਪਏ ਹੋ ਗਈ ਹੈ। ਨੀਮ ਕੋਟਡ ਯੂਰੀਆ ਦਾ ਮੁੱਲ ਪਹਿਲਾਂ ਵਾਲਾ ਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਮੁਤਾਬਕ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੇ ਪਿਛਲੇ ਵਰ੍ਹੇ ਦੇ ਮੁਕਾਬਲਤਨ ਡੀ. ਏ. ਪੀ. ਖਾਦ 29 ਫੀਸਦੀ ਘੱਟ ਵਰਤੀ ਹੈ।ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਸੀ ਕਿ ਪੰਜਾਬ ਦੇ ਕਿਸਾਨ ਹਰ ਵਰ੍ਹੇ 85,000 ਟਨ ਡੀ. ਏ. ਪੀ. ਖਾਦ ਦੀ ਵਰਤੋਂ ਕਰਦੇ ਸਨ ਪਰ ਤੰਦਰੁਸਤ ਮਿਸ਼ਨ ਤਹਿਤ ਕੈਂਪਾਂ, ਪਿੰਡਾਂ ਦੇ ਦੌਰਿਆਂ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਜਾਗਰੂਕ ਹੋਏ ਕਿਸਾਨਾਂ ਨੇ ਇਸ ਵਾਰ ਡੀ. ਏ. ਪੀ. ਖਾਦ ਦਾ ਇਸਤੇਮਾਲ 29 ਫੀਸਦੀ ਘੱਟ ਕੀਤਾ।