ਮੁੱਖ ਸੇਵਾਦਾਰ ਨੇ ਹੀ ਖੜਕਾਏ ਸੁਖਬੀਰ ਤੇ ਮਜੀਠੀਆ

Tags

ਸ੍ਰੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ’ਚ ਘਿਰੇ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਵੱਡੇ ਮਹਾਰਥੀ ਅਸਤੀਫੇ ਦੇ ਰਹੇ ਹਨ, ਉੱਥੇ ਹੀ ਅਕਾਲੀ ਦਲ ਨੂੰ ਆਪਣੇ ਸੀਨੀਅਰ ਆਗੂਆਂ ਦੀ ਬਗਾਵਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੀਆਂ ਇਹ ਮੁਸ਼ਕਿਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਨੇ ਅਹੁਦਿਆਂ ਤੋਂ ਅਸਤੀਫੇ ਅਤੇ ਸੁਖਬੀਰ ਖਿਲਾਫ ਖੁਲ੍ਹਮ-ਖੁਲ੍ਹੀ ਬਗਾਵਤ ਸ਼ੁਰੂ ਕਰ ਦਿੱਤੀ।

ਇਸ ਬਗਾਵਤ ਦੀ ਸ਼ੁਰੂਆਤ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ। ਭਾਵੇਂ ਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਸਿਹਤ ਦਾ ਠੀਕ ਨਾ ਹੋਣਾ ਦੱਸਿਆ ਪਰ ਅਸਤੀਫਾ ਦੇਣ ਮੌਕੇ ਉਨ੍ਹਾਂ ਦਬਵੀਂ ਸੁਰ ਵਿਚ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਨਾਲ-ਨਾਲ ਅਕਾਲੀ ਦਲ ਕੋਲੋਂ ਹੋਈਆਂ ਗ਼ਲਤੀਆਂ ਨੂੰ ਵੀ ਕਬੂਲਿਆ। ਅਸਤੀਫਾ ਦੇਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਮੀਡੀਆ ਵਿਚ ਇਹ ਬਿਆਨ ਵੀ ਦਿੱਤਾ ਕਿ ਸਿਰਸਾ ਮੁੱਖੀ ਨੂੰ ਅਕਾਲ ਦੇ ਜੱਥੇਦਾਰ ਵੱਲੋਂ ਦਿੱਤੀ ਗਈ ਮਾਫੀ ਬਿਲਕੁਲ ਗ਼ਲਤ ਸੀ।

ਉਨ੍ਹਾਂ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਪਾਰਟੀ ਦੀ ਰੀੜ ਦੀ ਹੱਡੀ ਸਮਝੇ ਜਾਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਅਸਤੀਫਾ ਦੇ ਦਿੱਤਾ। ਉਸ ਮੌਕੇ ਉਨ੍ਹਾਂ ਨੇ ਵੀ ਦਬਵੀਂ ਸੁਰ ਵਿਚ ਪਾਰਟੀ ਪ੍ਰਾਧਨ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਗਲਤੀਆਂ ਦਾ ਮੰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੇ ਨਾਲ-ਨਾਲ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਵੀ ਸੁਖਬੀਰ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਅਤੇ ਪਾਰਟੀ ਪ੍ਰਧਾਨ ਨੂੰ ਬਦਲਣ ਤਕ ਦੀ ਗੱਲ ਕਹਿ ਦਿੱਤੀ। ਭਾਵੇਂ ਕਿ ਸੇਖਵਾਂ ਦੇ ਇਸ ਵਿਰੋਧ ਦੇ ਸਿੱਟੇ ਵਜੋਂ ਹੀ ਪਾਰਟੀ ਪ੍ਰਾਧਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਝਪਦਿਆਂ ਹੀ ਪਾਰਟੀ ਵਿਚੋਂ ਕੱਢ ਦਿੱਤਾ ਪਰ ਪਾਰਟੀ ਵਿਚ ਉੱਠੀਆਂ ਬਗਾਵਤੀ ਸੁਰਾਂ ਮੱਠੀਆਂ ਪੈਣ ਦੀ ਬਜਾਏ ਵਧੇਰੇ ਤੇਜ਼ ਹੋ ਗਈਆਂ।

ਇਹ ਬਗਾਵਤੀ ਸੁਰਾਂ ਉਸ ਮੌਕੇ ਹੋਰ ਵੀ ਪ੍ਰਚੰਡ ਰੂਪ ਵਿਚ ਸਾਹਮਣੇ ਆਈਆਂ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਵਿਚ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੁਖਬੀਰ ਬਾਦਲ ਅਤੇ ਮਜੀਠੀਆ ਉੱਤੇ ਸਿੱਧੇ ਹਮਲੇ ਬੋਲ ਦਿੱਤੇ ਅਤੇ ਸਿਰਸਾ ਮੁਖੀ ਨੂੰ ਦਿੱਤੀ ਗਈ ਮਾਫੀ ਪਿੱਛੇ ਸੁਖਬੀਰ ਦਾ ਸਿੱਧਾ-ਸਿੱਧਾ ਹੱਥ ਦੱਸਿਆ। ਇਸ ਦੇ ਨਾਲ-ਨਾਲ ਉਨ੍ਹਾਂ ਅਕਾਲੀ ਦਲ ਦੇ ਕਈ ਹੋਰ ਪਰਦੇ ਵੀ ਫਰੋਲੇ।

ਅਕਾਲੀ ਦਲ ਦੇ ਇਨ੍ਹਾਂ ਆਗੂਆਂ ਦੀ ਨਾਰਾਜ਼ਗੀ ਨੂੰ ਘੋਖੀਏ ਤਾਂ ਸਿਰਸਾ ਮੁੱਖੀ ਨੂੰ ਦਿੱਤੀ ਗਈ ਮਾਫੀ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਵਿਚ ਬਾਦਲ ਪਰਿਵਾਰ ਦੇ ਹੱਥ ਦਾ ਸ਼ੱਕ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਦੇ ਨਾਲ-ਨਾਲ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਪ੍ਰਧਾਨ ਕਮਾਂਡ ਸੰਭਾਲੇ ਜਾਣ ਤੋਂ ਬਾਅਦ ਟਕਸਾਲੀ ਆਗੂਆਂ ਦੀ ਕੀਤੀ ਜਾ ਰਹੀ ਅਣਦੇਖੀ ਵੀ ਇਸ ਦਾ ਮੁੱਖ ਕਾਰਨ ਹੈ। ਸ਼ਾਇਦ ਇਹੀ ਕਾਰਨ ਹੈ ਕਿ ਡਾ. ਰਤਨ ਸਿੰਘ ਅਜਨਾਲਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਅਕਾਲੀ ਪਾਰਟੀ ਪ੍ਰਧਾਨ ਦੇ ਵਿਰੋਧ ਵਿਚ ਆ ਖੜੇ ਹੋ ਗਏ ਹਨ ।

ਅਕਾਲੀ ਦਲ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪਾਰਟੀ ਵਿਚ ਇਸ ਤਰ੍ਹਾਂ ਦੀਆਂ ਬਗਾਵਤੀ ਸੁਰਾਂ ਪਹਿਲਾਂ ਕਦੇ ਵੀ ਨਹੀਂ ਉੱਠੀਆਂ ਅਤੇ ਨਾ ਹੀ ਵੱਡੇ ਆਗੂਆਂ ਨੇ ਇਸ ਤਰ੍ਹਾਂ ਕਦੇ ਅਸਤੀਫੇ ਦਿੱਤੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਵਿਚ ਪਿਆ ਇਹ ਖਿਲਾਰਾ ਆਖਰਕਾਰ ਕਿਸ ਮੋੜ ’ਤੇ ਜਾ ਕੇ ਰੁਕੇਗਾ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਦੇ ਕਈ ਵੱਡੇ ਆਗੂ ਸੁਖਪਾਲ ਖਹਿਰਾ ਦੇ ਲਿੰਕ ਵਿਚ ਵੀ ਹਨ ਅਤੇ ਤੀਜਾ ਫਰੰਟ ਬਣਾਏ ਜਾਣ ਦਾ ਇੰਤਜਾਰ ਕਰ ਰਹੇ ਹਨ। ਸਵਾਲ ਇਹ ਵੀ ਹੈ ਕਿ, ਕੀ ਬ੍ਰਹਮਪੁਰਾ ਵਰਗੇ ਟਕਸਾਲੀ ਆਗੂਆਂ ਵੱਲੋਂ ਕੀਤੀ ਜਾ ਰਹੀ ਇਹ ਬਗਾਵਤ ਅਕਾਲੀ ਦਲ ਦੇ ਪਤਨ ਦਾ ਕਾਰਨ ਬਣ ਜਾਵੇਗੀ?