ਗ੍ਰਿਫ਼ਤਾਰ ਹੋਏ ਸੁਖਬੀਰ ਬਾਦਲ, ਪੁਲਿਸ ਨੇ ਥਾਣੇ 'ਚ ਕੀਤਾ ਬੰਦ

Tags

ਸ਼੍ਰੋਮਣੀ ਅਕਾਲੀ ਦਲ ਧਰਨਿਆਂ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ। ਅੱਜ ਤਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਥਾਣੇ ਅੰਦਰ ਹੀ ਧਰਨਾ ਲੈ ਦਿੱਤਾ ਗਿਆ। ਦਰਅਸਲ ਅੱਜ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਇਤਿਹਾਸ ਦੀਆਂ ਕਿਤਾਬਾਂ ਨਾਲ ਛੇੜਛਾੜ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ। ਅਕਾਲੀ ਲੀਡਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਰੋਕ ਲਿਆ। ਅਕਾਲੀ ਦਲ ਨੇ ਉੱਥੇ ਹੀ ਧਰਨਾ ਲਾ ਦਿੱਤਾ।

ਤਕਰੀਬਨ ਦੋ ਘੰਟੇ ਦੇ ਧਰਨੇ ਮਗਰੋਂ ਚੰਡੀਗੜ੍ਹ ਪੁਲਿਸ ਨੇ ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਕਾਲੀਆਂ ਨੂੰ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ ਲੈ ਗਈ। ਅਕਾਲੀ ਦਲ ਦੇ ਲੀਡਰਾਂ ਨੇ ਇੱਥੇ ਵੀ ਧਰਨਾ ਲਾ ਦਿੱਤਾ ਤੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਡਾ. ਦਲਜੀਤ ਚੀਮਾ, ਸਕੰਦਰ ਮਲੂਕਾ, ਜਗੀਰ ਕੌਰ ਸਮੇਤ ਕਈ ਸੀਨੀਅਰ ਅਕਾਲੀ ਮੌਜੂਦ ਸਨ।


ਦਰਅਸਲ ਅਕਾਲੀ ਦਲ ਨੇ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਰੱਖੀ ਸੀ। ਅਚਾਨਕ ਪ੍ਰੈੱਸ ਕਾਨਫਰੰਸ ਕੈਂਸਲ ਕਰਕੇ ਐਮਐਲਏ ਹੋਸਟਲ ਪੰਜਾਬ ਤੋਂ ਮਾਰਚ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤਕ ਰੋਸ ਮਾਰਚ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖ ਮਰਿਆਦਾ ਨਾਲ ਖਿਲਵਾੜ ਕੀਤਾ ਹੈ। ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਗਲਤ ਛਾਪਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਫੀ ਮੰਗਣੀ ਚਾਹੀਦੀ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।