ਖਹਿਰਾ ਹੋਣਗੇ ਮੁੱਖ ਮੰਤਰੀ ਉਮੀਦਵਾਰ?- ਇਸ ਤੇ ਬੋਲੇ ਸਿਮਰਨਜੀਤ ਬੈਂਸ

Tags

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਸਸਪੈਂਡ ਕੀਤੇ ਜਾਣ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੇ ਕੇਜਰੀਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਇਸ ਸਬੰਧੀ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿਹਾ ਅਰਵਿੰਦਰ ਕੇਜਰੀਵਾਲ ਦਾ ਰਵੱਈਆਂ ਤਾਨਾਸ਼ਾਹ ਹੈ। ਉਨ੍ਹਾਂ 'ਆਪ' 'ਚੋਂ ਖਹਿਰਾ ਤੇ ਸੰਧੂ ਨੂੰ ਬਰਖਾਸਤ ਕੀਤੇ ਜਾਣ ਸਬੰਧੀ ਬੋਲਦਿਆਂ ਕਿਹਾ ਕਿ 'ਆਪ' ਨੇ ਖਹਿਰਾ ਨੂੰ ਨਹੀਂ ਬਲਕਿ ਪੰਜਾਬੀਆਂ ਨੇ ਕੇਜਰੀਵਾਲ ਨੂੰ ਸਸਪੈਂਡ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਗਿਰਗਿਟ ਵਾਂਗ ਰੰਗ ਬਦਲਦਾ ਹੈ। ਕੇਜਰੀਵਾਲ ਨੂੰ ਪਹਿਲਾਂ ਪੰਜਾਬ ਦੇ ਹਿੱਤ ਪਿਆਰੇ ਹੁੰਦੀ ਸੀ ਪਰ ਹੁਣ ਉਸ ਨੂੰ ਹਰਿਆਣੇ ਦੇ ਹਿੱਤ ਪਿਆਰੇ ਹਨ।ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੰਵਰ ਸੰਧੂ ਨੇ ਵੱਡਾ ਖੁਲਾਸਾ ਕੀਤਾ ਹੈ। ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਕੇਜਰੀਵਾਲ ਨੇ ਮੁਅੱਤਲੀ ਦਾ ਤੋਹਫਾ ਦਿੱਤਾ ਹੈ। ਇਸ ਤੋਂ ਇਲਾਵਾ ਜਿਸ ਦਿਨ ਪੰਜਾਬ ਪਬਲਿਕ ਸਕੂਲ ਨਾਭਾ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਕਰਕੇ ਸਨਮਾਨਤ ਕਰਨਾ ਸੀ, ਉਸੇ ਦਿਨ ਨੂੰ ਹੀ ਮੁਅੱਤਲ ਕੀਤਾ ਗਿਆ ਤਾਂ ਜੋ ਸਨਮਾਨ ਵਿੱਚ ਅੜਿੱਕਾ ਬਣ ਸਕੇ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਮੁਅੱਤਲ ਕਰਨ ਤੋਂ ਪਹਿਲਾਂ ਕੋਈ ਚਰਚਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਦੀ ਬੈਠਕ ਦੌਰਾਨ ਵੀ ਇਸ ਬਾਰੇ ਕੋਈ ਚਰਚਾ ਨਹੀਂ ਹੋਈ ਸੀ ਬਲਕਿ ਅਗਲੀ ਮੀਟਿੰਗ ਦਾ ਸਮਾਂ ਤੈਅ ਕਰਨ ਦੀਆਂ ਗੱਲਾਂ ਚੱਲ ਰਹੀਆਂ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਗਲੀ ਰਣਨੀਤੀ ਪੀਏਸੀ ਕਮੇਟੀ ਨਾਲ ਚਰਚਾ ਕਰਨ ਤੋਂ ਬਾਅਦ ਹੀ ਘੜੀ ਜਾਵੇਗੀ।

ਕੰਵਰ ਸੰਧੂ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਇਸ ਫੈਸਲੇ 'ਤੇ ਅਫ਼ਸੋਸ ਜਤਾਇਆ। ਉਨ੍ਹਾਂ ਕਿਹਾ ਕਿ ਬਗਾਵਤ ਸਿਰਫ ਖੁਦਮੁਖਤਿਆਰੀ ਤੱਕ ਦੀ ਸੀ ਜੋ ਮੰਗ ਹੁਣ ਵੀ ਖੜ੍ਹੀ ਹੈ। ਪਾਰਟੀ ਵੱਲੋਂ ਮੁਅੱਤਲ ਕਰਨ ਮਗਰੋਂ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਵਿੱਚ ਤੀਸਰੀ ਧਿਰ ਬਣਾਉਣ ਲਈ ਮਹਾਂਗਠਬੰਧਨ ਦੀ ਲੋੜ ਹੈ। ਇਸ ਸਬੰਧ ਵਿਚ ਉਹ ਕੁਝ ਧਿਰਾਂ ਨਾਲ ਗੱਲਬਾਤ ਵੀ ਕਰ ਚੁੱਕੇ ਹਨ। ਇਸ ਤੋਂ ਤੈਅ ਹੈ ਕਿ ਖਹਿਰਾ ਤੀਜੀ ਧਿਰ ਬਣਾਉਣ ਜਾ ਰਹੇ ਹਨ। ਇਸ ਤੀਜੀ ਧਿਰ ਵਿੱਚ ਬੈਂਸ ਭਰਾ, ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਬੀਰਦਵਿੰਦਰ ਸਿੰਘ ਤੇ ਕੁਝ ਪੰਥਕ ਲੀਡਰ ਤੇ ਬਾਗੀ ਅਕਾਲੀ ਦਲ ਦੇ ਲੀਡਰ ਹੋ ਸਕਦੇ ਹਨ।