ਸਿੱਧੂ ਤੇ ਕੈਪਟਨ ਦੀ ਖੜਕੀ ਬੁਰੀ, ਸਿੱਧੂ ਹੋਇਆ ਸਿੱਧਾ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਬਣ ਗਏ ਹਨ। ਐਤਕੀਂ ਮੁੱਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਤ ਜਸ਼ਨਾਂ ਦੀਆਂ ਤਿਆਰੀਆਂ ਲਈ ਬਣਾਈ ਕਮੇਟੀ ਦਾ ਉੱਠਿਆ ਹੈ। ਸ੍ਰੀ ਸਿੱਧੂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਅਫ਼ਸਰਸ਼ਾਹੀ ਨੂੰ ਕੁਝ ਵਧੇਰੇ ਹੀ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਇੰਝ ਆਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਤੇ ਸ੍ਰੀ ਸਿੱਧੂ ਵਿਚਾਲੇ ਇਹ ਅੱਧ-ਪਚੱਧਾ ਜਿਹਾ ਤਣਾਅ ਪੈਦਾ ਹੋ ਗਿਆ ਹੈ।

ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਬਾਰੇ ਕੈਬਿਨੇਟ ਸਬ-ਕਮੇਟੀ ਦੀ ਮੀਟਿੰਗ `ਚ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਅਗਵਾਈ ਹੇਠਲੀ ਕਮੇਟੀ ਨੂੰ ਨਕਾਰਦਿਆਂ ਕਿਹਾ – ‘ਜੇ ਸਾਰਾ ਕੰਮ ਅਫ਼ਸਰਸ਼ਾਹੀ ਨੇ ਹੀ ਕਰਨਾ ਹੈ, ਤਾਂ ਅਸੀਂ ਇੱਥੇ ਛੁਣਛੁਣਾ ਵਜਾਉਣ ਆਏ ਹਾਂ? ਸਰਕਾਰ `ਚ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ ਨਾ ਕਿ ਅਫ਼ਸਰਸ਼ਾਹੀ। ਚੁਣੇ ਹੋਏ ਨੁਮਾਇੰਦੇ ਹੀ ਜਨਤਾ ਪ੍ਰਤੀ ਜਵਾਬਦੇਹ ਹਨ।'


ਇਹ ਆਖ ਕੇ ਸ੍ਰੀ ਸਿੱਧੂ ਕੈਬਿਨੇਟ ਸਬ-ਕਮੇਟੀ ਦੀ ਮੀਟਿੰਗ ਛੱਡ ਕੇ ਚਲੇ ਗਏ। ਇਸ ਮੀਟਿੰਗ `ਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਉੱਧਰ ਇਸ ਮਾਮਲੇ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੈਬਿਨੇਟ ਮੰਤਰੀ ਦਾ ਸਾਥ ਦੇਣ ਦੀ ਥਾਂ ਆਪਣੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਖੜ੍ਹੇ ਹਨ। ਉਨ੍ਹਾਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਸਮਾਰੋਹਾਂ ਦੀ ਪ੍ਰਗਤੀ `ਤੇ ਨਜ਼ਰ ਰੱਖਣ ਦਾ ਕੰਮ ਉਨ੍ਹਾਂ ਸੁਰੇਸ਼ ਕੁਮਾਰ ਹਵਾਲੇ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਇਸ ਮੁੱਦੇ `ਤੇ ਮੁੱਖ ਮੰਤਰੀ ਤੋਂ ਨਾਰਾਜ਼ ਹੁੰਦੇ ਰਹੇ ਹਨ ਕਿ ਉਨ੍ਹਾਂ ਨੇ ਅਫ਼ਸਰਸ਼ਾਹੀ ਨੂੰ ਕੁਝ ਜਿ਼ਆਦਾ ਹੀ ਛੋਟ ਦੇ ਰੱਖੀ ਹੈ। ਬੋਰਡ ਤੇ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦਿਆਂ `ਤੇ ਵੀ ਸਿਆਸੀ ਆਗੂਆਂ ਦੀ ਥਾਂ ਅਫ਼ਸਰਾਂ ਨੂੰ ਬਿਠਾਇਆ ਜਾ ਰਿਹਾ ਹੈ।