ਟਕਸਾਲੀਆਂ ਨੇ ਨਾ ਛੱਡਿਆ ਬਾਦਲਾਂ ਦਾ ਖਹਿੜਾ, ਸੌਦਾ ਸਾਧ ਨਾਲ ਸੌਦੇਬਾਜ਼ੀ ਦੇ ਨਵੇਂ ਖੁਲਾਸੇ

Tags

ਡੇਰਾ ਮੁਖੀ ਦੀ ਮੁਆਫ਼ੀ ਤੇ ਬੇਦਅਬੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲੇ ਸੀਨੀਅਰ ਟਕਸਾਲੀ ਆਗੂ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਵਲੋਂ 4 ਨਵੰਬਰ ਨੂੰ ਚੋਹਲਾ ਸਾਹਿਬ ਵਿਖੇ ਆਪਣੇ ਸਮਰਥਕਾਂ ਦੀ ਰੈਲੀ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਮਾਝਾ ਦੇ ਅਜਨਾਲਾ ਖੇਤਰ ਨਾਲ ਸਬੰਧਿਤ ਕਈ ਜ਼ੋਨ ਇੰਚਾਰਜਾਂ ਨੇ ਵੀ ਅੱਜ ਇਥੇ ਹੰਗਾਮੀ ਇਕੱਤਰਤਾ ਕਰਕੇ ਪਾਰਟੀ ਦੇ ਅਹੁਦਿਆਂ ਤੋਂ ਬੀਤੇ ਦਿਨੀਂ ਅਸਤੀਫ਼ਾ ਦੇਣ ਵਾਲੇ ਸਾਬਕਾ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੀਤੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਹੁਣ ਵੀ ਉਨ੍ਹਾਂ ਨਾਲ ਚੱਟਾਂਨ ਵਾਂਗ ਖੜੇ੍ਹ ਹੋਣ ਦਾ ਅਹਿਦ ਦੁਹਰਾਇਆ ਗਿਆ ਹੈ |

ਇਸ ਦੇ ਨਾਲ ਹੀ ਮਾਝੇ ਦੇ ਬਾਗ਼ੀ ਟਕਸਾਲੀ ਆਗੂੁਆਂ ਵਲੋਂ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ | ਪ੍ਰਾਪਤ ਵੇਰਵਿਆਂ ਅਨਸਾਰ ਅੱਜ ਇਥੇ ਸੀਨੀਅਰ ਟਕਸਾਲੀ ਅਕਾਲੀ ਆਗੂ ਡਾ: ਰਤਨ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਾਬਕਾ ਵਿਧਾਇਕ ਤੇ ਉਨ੍ਹਾਂ ਦੇ ਸਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੇ ਗ੍ਰਹਿ ਰਣਜੀਤ ਐਵੀਨਿਉ ਵਿਖੇ ਹੋਈ ਸਰਕਲ ਝੰਡੇਰ ਦੇ ਅਹੁਦੇਦਾਰਾਂ ਦੀ ਇਕੱਤਰਤਾ, ਜਿਸ 'ਚ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ 'ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ, ਵਿਚ ਹਾਜ਼ਰ ਜ਼ੋਨ ਇੰਚਾਰਜਾਂ ਅਤੇ ਹਾਜ਼ਰ ਸਮੂਹ ਜ਼ੋਨ ਇੰਚਾਰਜਾਂ ਵਲੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ: ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੀਤੇ ਸਮੇਂ 'ਚ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ | 

ਇਕੱਤਰਤਾ ਵਿਚ ਹਾਜ਼ਰ ਸਰਕਲ ਝੰਡੇਰ ਦੇ ਪ੍ਰਧਾਨ ਸਵਿੰਦਰ ਸਿੰਘ ਸਹਿੰਸਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਵੇਂ 1985 ਵਿਚ ਡਾ: ਰਤਨ ਸਿੰਘ ਅਜਨਾਲਾ ਵਲੋਂ ਇਸ ਹਲਕੇ ਵਿਚ ਅਕਾਲੀ ਦਲ ਦੀ ਜਿੱਤ ਦਰਜ ਕਰਵਾਈ ਤੇ ਉਸ ਤੋਂ ਬਾਅਦ ਜਦੋਂ ਬੇਅੰਤ ਸਿੰਘ ਦੀ ਸਰਕਾਰ ਸਮੇਂ ਅਕਾਲੀ ਵਰਕਰਾਂ ਤੇ ਜਬਰ ਦਾ ਦੌਰ ਜਾਰੀ ਸੀ ਤੇ ਜਦੋਂ ਕੋਈ ਅਕਾਲੀ ਦਲ ਦਾ ਬਸਤਾ ਵੀ ਚੁੱਕਣ ਲਈ ਤਿਆਰ ਨਹੀਂ ਸੀ ਉਸ ਔਖੇ ਸਮੇਂ ਵਿਚ 1994 ਦੀ ਹੋਈ ਜ਼ਿਮਨੀ ਚੋਣ ਵਿਚ ਡਾ: ਅਜਨਾਲਾ ਨੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ, ਜੋ ਸਿਲਸਿਲਾ ਲਗਾਤਾਰ ਚੱਲਦਾ ਰਿਹਾ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ 2017 ਦੀ ਚੋਣ ਸਮੇਂ ਡਾ: ਅਜਨਾਲਾ ਦੇ ਸਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਚੋਣ ਹਾਰ ਗਏ ਪਰ ਸਮੁੱਚੇ ਹਲਕੇ ਦੇ ਅਕਾਲੀ ਵਰਕਰ ਅਜਨਾਲਾ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਰਹੇ ਤੇ ਅੱਜ ਵੀ ਖੜ੍ਹੇ ਹਨ |

ਪਾਰਟੀ ਅੰਦਰ ਚੱਲ ਰਹੀ ਕਸ਼ਮਕਸ਼ ਦੇ ਬਾਵਜੂਦ ਅੱਜ ਵੀ ਸਾਰੇ ਵਰਕਰ ਇਸ ਪਰਿਵਾਰ ਦੇ ਨਾਲ ਖੜ੍ਹੇ ਹਨ ਰਹਿਣਗੇ | ਇਸ ਮੌਕੇ ਬੋਨੀ ਅਮਰਪਾਲ ਸਿੰਘ ਅਜਨਾਲਾ, ਪ੍ਰਧਾਨ ਜ਼ੋਰਾਵਰ ਸਿੰਘ ਅਜਨਾਲਾ, ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਤੇੜਾ, ਮਿਲਕ ਪਲਾਂਟ ਵੇਰਕਾ ਦੇ ਚੇਅਰਮੈਨ ਨਰਿੰਦਰ ਸਿੰਘ ਮਹਿਲਾਂਵਾਲਾ, ਚੇਅਰਮੈਨ ਚੌਧਰੀ ਅਸ਼ੋਕ ਮੰਨਣ, ਹਰਿੰਦਰ ਸਿੰਘ ਨਿਜਾਮਪੁਰਾ, ਸੱਤਿਆਵਰਣਜੀਤ ਸਿੰਘ ਕੰਦੋਵਾਲੀ, ਬ੍ਰਹਮ ਸਿੰਘ ਝੰਡੇਰ, ਦਵਿੰਦਰ ਸਿੰਘ ਧੁੱਪਸੜੀ, ਗੁਰਿੰਦਰ ਸਿੰਘ ਸਾਬੀ ਮਹਿਲਾਂਵਾਲਾ, ਗੁਰਵਿੰਦਰ ਸਿੰਘ ਪ੍ਰਧਾਨ ਲਸ਼ਕਰੀ ਨੰਗਲ, ਮਨਦੀਪ ਸਿੰਘ, ਮਲਕੀਤ ਸਿੰਘ ਨਵਾਂਪਿੰਡ, ਮਨਜਿੰਦਰ ਸਿੰਘ ਮੱਝੂਪੁਰਾ, ਉਮਰਜੀਤ ਸਿੰਘ ਘੁੱਕੇਵਾਲੀ, ਗੁਰਲਾਲ ਸਿੰਘ ਵਿਛੋਆ, ਕਰਨੈਲ ਸਿੰਘ ਸੰਗਤਪੁਰਾ, ਨਵਤੇਜ ਸਿੰਘ ਸੁੱਗਾ ਆਦਿ ਮੌਜੂਦ ਸਨ |