ਸਸਪੈਂਡ ਹੋਣ ਤੋਂ ਬਾਅਦ ਗਰਜਿਆ ਖਹਿਰਾ, ਪਾਤੀ ਨਵੀਂ ਸਕੀਮ

Tags

ਆਮ ਆਦਮੀ ਪਾਰਟੀ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਕੇਜਰੀਵਾਲ 'ਤੇ ਨਿਸ਼ਾਨਾ ਲਾਉਂਦਿਆਂ ਹੁਣ ਪੰਜਾਬ ਦੇ ਲੋਕਾਂ 'ਤੇ ਆਸ ਟਿਕਾ ਲਈ ਹੈ। ਖਹਿਰਾ ਨੇ ਬਾਗ਼ੀ ਅਕਾਲੀ ਆਗੂਆਂ ਨਾਲ ਤਾਲਮੇਲ ਬਿਠਾਉਣ ਦੀ ਗੱਲ ਵੀ ਕਹੀ ਹੈ। ਉੱਧਰ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਦੀ ਖ਼ਬਰ ਨੇ ਕੰਵਰ ਸੰਧੂ ਦੇ ਰੰਗ ਵਿੱਚ ਭੰਗ ਪਾ ਦਿੱਤੀ। ਉਹ ਨਾਭਾ ਵਿੱਚ ਆਪਣੇ ਪੁਰਾਣੇ ਸਕੂਲ ਦੇ ਸਮਾਗਮ ਵਿੱਚ ਸਨ ਅਤੇ ਖ਼ਬਰ ਸੁਣਨ ਤੋਂ ਬਾਅਦ ਉਨ੍ਹਾਂ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਖਹਿਰਾ ਨੇ ਕਿਹਾ ਕਿ ਉਹ ਉਹੀ ਕਰਨਗੇ ਜੋ ਪੰਜਾਬੀ ਚਾਹੁੰਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਵਿਚਾਰਧਾਰਕ ਸਾਂਝ ਵਾਲੇ ਲੋਕਾਂ ਨਾਲ ਜਾਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਬਾਗ਼ੀ ਟਕਸਾਲੀ ਆਗੂਆਂ ਨਾਲ ਵੀ ਗੱਲਬਾਤ ਕਰਨਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਵੱਲੋਂ ਏਕਤਾ ਦੀਆਂ ਗੱਲਾਂ ਸਿਰਫ਼ ਡਰਾਮਾ ਸਨ ਜਦਕਿ ਕੇਜਰੀਵਾਲ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕੇਜਰੀਵਾਲ 'ਤੇ ਤਾਨਾਸ਼ਾਹ ਬਣਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਦੇ ਅਜਿਹੇ ਰਵੱਈਏ ਨਾਲ ਪੰਜਾਬ ਦੇ ਲੋਕਾਂ ਦੀ ਬੇਕਦਰੀ ਹੋਈ ਹੈ।

ਜ਼ਿਕਰਯੋਗ ਹੈ ਕਿ ਬੀਤੀ ਜੁਲਾਈ ਨੂੰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ, ਆਮ ਆਦਮੀ ਪਾਰਟੀ ਲਈ ਨਾਸੂਰ ਬਣੇ ਹੋਏ ਸਨ। ਇਸ ਤੋਂ ਬਾਅਦ ਸਮੇਂ-ਸਮੇਂ 'ਤੇ ਖਹਿਰਾ ਨੇ ਪਾਰਟੀ ਦੀ ਪੰਜਾਬ ਇਕਾਈ ਲਈ ਖ਼ੁਦਮੁਖ਼ਤਿਆਰੀ ਦੀ ਮੰਗ ਤੋਂ ਲੈਕੇ ਨਵਾਂ ਤੀਜਾ ਸਿਆਸੀ ਫਰੰਟ ਕਾਇਮ ਕਰਨ ਦੀ ਗੱਲ ਵੀ ਆਖੀ ਹੈ।ਖਹਿਰਾ ਬਰਗਾੜੀ ਮੋਰਚੇ 'ਚ ਕਈ ਵਾਰ ਸ਼ਿਰਕਤ ਕਰ ਚੁੱਕੇ ਹਨ ਤੇ ਮੋਰਚੇ ਦੇ ਲੀਡਰਾਂ ਦੀ ਉਨ੍ਹਾਂ ਨੂੰ ਹਮਾਇਤ ਵੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਟਕਸਾਲੀ ਲੀਡਰ ਵੀ ਮੋਰਚੇ ਨੂੰ ਹਮਾਇਤ ਦੇ ਚੁੱਕੇ ਹਨ। ਹੁਣ ਅੱਜ ਖਹਿਰਾ ਦਾ ਟਕਸਾਲੀ ਅਕਾਲੀ ਲੀਡਰਾਂ ਨਾਲ ਗੱਲਬਾਤ ਕਰਨ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਣ ਲਾਜ਼ਮੀ ਤੌਰ 'ਤੇ ਬਦਲ ਸਕਦੇ ਹਨ।