ਪੰਜਾਬ 'ਚ ਪੰਚਾਇਤੀ ਚੋਣਾਂ ਫਿਰ ਲੇਟ, ਦੇਖੋ ਕਦੋਂ ਪੈਣਗੀਆਂ ਵੋਟਾਂ

Tags

ਪੰਜਾਬ ਵਿਚ 10-12 ਦਸੰਬਰ ਨੂੰ ਪ੍ਰਸਤਾਵਿਤ ਪੰਚਾਇਤੀ ਚੋਣਾਂ ਇਕ ਮਹੀਨਾ ਪਛੜ ਕੇ ਹੋਣਗੀਆਂ।ਭਾਵੇਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਰਸਮੀ ਤੌਰ 'ਤੇ ਅਜੇ ਕੋਈ ਐਲਾਨ ਨਹੀਂ ਕੀਤਾ ਪਰ ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ ਦੇ ਦੂਜੇ ਹਫਤੇ ਕੀਤਾ ਜਾ ਸਕਦਾ ਹੈ।ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਅਗਲੇ ਹਫਤੇ ਇਸ ਸਬੰਧੀ ਐਲਾਨ ਹੋ ਜਾਏਗਾ ਪਰ ਹੁਣ ਇੰਝ ਨਹੀਂ ਹੋਵੇਗਾ।

ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਧਿਆਨ ਵਿਚ ਰੱਖਦਿਆਂ ਸਾਰਾ ਸਾਲ ਚੱਲਣ ਵਾਲੇ ਪ੍ਰੋਗਰਾਮ ਦਾ ਐਲਾਨ 23 ਨਵੰਬਰ ਨੂੰ ਕੀਤਾ ਜਾਏਗਾ। ਜੇਕਰ ਪੰਚਾਇਤੀ ਚੋਣਾਂ ਦਾ ਐਲਾਨ ਪਹਿਲਾਂ ਹੋ ਜਾਂਦਾ ਤਾਂ ਸਰਕਾਰ ਨੂੰ ਆਦਰਸ਼ ਚੋਣ ਜ਼ਾਬਤੇ ਕਾਰਨ ਸਰਕਾਰੀ ਐਲਾਨ ਰੋਕਣੇ ਪੈਣੇ ਸਨ।ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ 40 ਤੋਂ ਵੱਧ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਤਬਦੀਲ ਕਰਨ ਦੇ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ ਜਾਣਾ ਹੈ।

ਪੰਜਾਬ ਦੇ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ 19 ਨਵੰਬਰ ਨੂੰ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਅਹਿਮ ਬੈਠਕ ਚੰਡੀਗੜ੍ਹ ਸੱਦੀ ਹੈ।ਇਸ ਵਿਚ ਪੰਚਾਇਤੀ ਚੋਣਾਂ ਬਾਰੇ ਵੀ ਅਹਿਮ ਵਿਚਾਰ-ਵਟਾਂਦਰਾ ਹੋਵੇਗਾ। ਭਾਵੇਂ ਪੰਚਾਇਤੀ ਚੋਣਾਂ ਦਾ ਐਲਾਨ ਸੂਬਾਈ ਚੋਣ ਕਮਿਸ਼ਨ ਵਲੋਂ ਕੀਤਾ ਜਾਏਗਾ।ਇਸ ਵਿਚ ਸੂਬਾ ਸਰਕਾਰ ਦੀਆਂ ਤਿਆਰੀਆਂ ਦਾ ਵੀ ਚੋਣ ਕਮਿਸਨ ਧਿਆਨ ਰੱਖੇਗਾ।ਬਾਜਵਾ ਨੇ ਸੰਕੇਤ ਦਿੱਤੇ ਕਿ ਪੰਚਾਇਤੀ ਚੋਣਾਂ ਹੁਣ ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਸ਼ੁਰੂ ਵਿਚ ਕਰਵਾ ਦਿੱਤੀਆਂ ਜਾਣਗੀਆਂ। 

ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੂਬੇ ਦੇ ਸੀਨੀਅਰ ਮੰਤਰੀਆਂ ਅਤੇ ਹੋਰਨਾਂ ਪਾਰਟੀ ਆਗੂਆਂ ਤੇ ਵਿਧਾਇਕਾਂ ਨੂੰ ਚੋਣ ਪ੍ਰਚਾਰ ਲਈ ਰਾਜਸਥਾਨ ਜਾਣ ਲਈ ਕਿਹਾ ਹੈ।7 ਦਸੰਬਰ ਨੂੰ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।ਉਸ ਤੋਂ ਬਾਅਦ ਹੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਬਾਰੇ ਕੋਈ ਰਸਮੀ ਐਲਾਨ ਹੋਵੇਗਾ।