ਪ੍ਰਧਾਨ ਦੀ ਚੋਣ ਦੌਰਾਨ ਹੋਇਆ ਹੰਗਾਮਾ, ਵੇਖੋ ਕਿਵੇਂ ਖੋਹ ਰਹੇ ਮਾਇਕ

Tags

ਅੇਸਜੀਪੀਸੀ ਮੈਂਬਰ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਤੋਂ ਅੱਜ ਦੇ ਐਸਜੀਪੀਸੀ ਇਜਲਾਸ ਦੌਰਾਨ ਸਟੇਜ ਤੋਂ ਮਾਈਕ ਖੋਹ ਲਿਆ ਗਿਆ। ਬੀਬੀ ਕਿਰਨਜੋਤ ਕੌਰ ਵੱਲੋਂ ਡਾ. ਕਿਰਪਾਲ ਸਿੰਘ ਜੋ ਕਿ ਪੰਜਾਬ ਸਰਕਾਰ ਵੱਲੋਂ ਸਿਲੇਬਸ ਮਾਮਲੇ 'ਤੇ ਬਣਾਈ ਕਮੇਟੀ ਦੇ ਮੁਖੀ ਬਣਾਏ ਗਏ ਹਨ, ਨੂੰ ਐਸਜੀਪੀਸੀ ਵੱਲੋਂ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਬੋਲਣ ਲੱਗੇ ਤਾਂ ਪੰਡਾਲ 'ਚ ਬੈਠੇ ਲੋਕਾਂ ਨੇ ਅਚਾਨਕ ਰੌਲਾ ਰੱਪਾ ਸ਼ੁਰੂ ਕਰ ਦਿੱਤਾ ਅਤੇ ਬੀਬੀ ਕਿਰਨਜੋਤ ਕੌਰ ਨੂੰ ਉਨ੍ਹਾਂ ਦੀ ਗੱਲ ਤੱਕ ਨਹੀਂ ਰੱਖਣ ਦਿੱਤੀ।

ਇਸ ਮਾਮਲੇ 'ਤੇ ਜਦੋਂ ਬੀਬੀ ਕਿਰਨਜੋਤ ਕੌਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਹਿਮ ਮਤੇ ਪਾਸ ਕਰਾਏ ਜਾਣੇ ਸਨ, ਪਰ ਉਨ੍ਹਾਂ ਨੂੰ ਵਿੱਚੋਂ ਹੀ ਟੋਕ ਦਿੱਤਾ ਗਿਆ ਅਤੇ ਮਾਈਕ ਤੱਕ ਖੋਹ ਲਿਆ ਗਿਆ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪਹਿਲਾ ਮਸਲਾ ਇਹ ਸੀ ਕਿ ਭਾਰਤ 'ਚ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਦੀ ਫਲਾਈਟ 'ਚ ਸਿੱਖ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀਆਂ ਨੂੰ ਕਿਰਪਾਨ ਪਾ ਕੇ ਸਫਰ ਕਰਨ ਨਹੀਂ ਦਿੱਤਾ ਜਾਂਦਾ, ਜਦਕਿ ਨਵੀਂ ਦਿੱਲੀ ਤੋਂ ਕੈਨੇਡਾ ਤੱਕ ਕੋਈ ਵੀ ਕਿਰਪਾਨ ਪਾ ਕੇ ਬੜੇ ਆਰਾਮ ਨਾਲ ਸਫਰ ਕਰ ਸਕਦਾ ਹੈ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਦੂਜਾ ਉਨ੍ਹਾਂ ਵੱਲੋਂ ਡਾ. ਕਿਰਪਾਲ ਸਿੰਘ ਇਤਿਹਾਸਕਾਰ ਵਿਰੁੱਧ ਕਮੇਟੀ ਦੇ ਐਕਸ਼ਨ ਦੀ ਨਿੰਦਾ ਕੀਤੀ ਗਈ ਸੀ, ਜਿੰਨ੍ਹਾਂ ਦਾ ਨਾਮ ਸਿੱਖ ਇਤਿਹਾਸਕਾਰਾਂ ਦੀ ਕਤਾਰ 'ਚ ਪਹਿਲੀਆਂ 'ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇੰਨੇ ਨੂੰ ਉਹ ਆਪਣੀ ਕੋਈ ਗੱਲ ਕਮੇਟੀ ਅੱਗੇ ਰੱਖਦੇ, ਉਨ੍ਹਾਂ ਤੋਂ ਮਾਈਕ ਹੀ ਖੋਹ ਲਿਆ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਏ। ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਅਰੇ ਲਾਉਂਦੇ ਇਜਲਾਸ ਤੋਂ ਬਾਹਰ ਚਲੇ ਗਏ।