ਪੰਜਾਬ ਵਿੱਚ ਵੱਜੀ ਖਤਰੇ ਦੀ ਘੰਟੀ, ਹੋ ਜਾਓ ਸਾਵਧਾਨ

Tags

ਖੁਸ਼ਹਾਲ ਪੰਜਾਬ ਨੂੰ ਅਸ਼ਾਂਤ ਕਰਨ ਦੀਆਂ ਹੋ ਰਹੀਆਂ ਸਾਜ਼ਿਸ਼ਾਂ ਨੂੰ ਲੈ ਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਚਿਤਾਵਨੀ ਦਿੱਤੀ ਹੈ। ਆਰਮੀ ਚੀਫ ਨੇ ਸ਼ਨੀਵਾਰ ਨੂੰ ਕਿਹਾ ਕਿ ਬਾਹਰੀ ਕੁਨੈਕਸ਼ਨ ਦੇ ਜ਼ਰੀਏ ਪੰਜਾਬ 'ਚ ਅੱਤਵਾਦ ਨੂੰ ਮੁੜ ਜ਼ਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਐਕਸ਼ਨ ਨਹੀਂ ਲਿਆ ਗਿਆ ਤਾਂ ਕਾਫੀ ਦੇਰ ਹੋ ਜਾਵੇਗੀ। ਉਹ ਭਾਰਤ ਦੀ ਅੰਦਰੂਨੀ ਸੁਰੱਖਿਆ ਦੇ ਬਦਲਦੇ ਹਾਲਾਤ 'ਤੇ ਆਧਾਰਿਤ ਸੈਮੀਨਾਰ 'ਚ ਸੀਨੀਅਰ ਫੌਜ ਅਧਿਕਾਰੀਆਂ, ਰੱਖਿਆ ਮਾਹਿਰਾਂ, ਸਾਬਕਾ ਸਰਕਾਰੀ ਅਫਸਰਾਂ ਤੇ ਪੁਲਸ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਹਰੀ ਲਿੰਕ ਤੇ ਉਕਸਾਵੇ ਦੇ ਜ਼ਰੀਏ ਆਸਾਮ 'ਚ ਵੀ ਅੱਤਵਾਦ ਨੂੰ ਮੁੜ ਜ਼ਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ, 'ਪੰਜਾਬ ਸ਼ਾਂਤੀਪੂਰਨ ਰਿਹਾ ਹੈ ਪਰ ਬਾਹਰੀ ਤਾਕਤਾਂ ਕਾਰਨ ਸੂਬੇ 'ਚ ਫਿਰ ਅੱਤਵਾਦ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਾਨੂੰ ਕਾਫੀ ਸਾਵਧਾਨ ਤੇ ਚੌਕਸ ਰਹਿਣਾ ਹੋਵੇਗਾ।' ਆਰਮੀ ਚੀਫ ਨੇ ਅੱਗੇ ਕਿਹਾ, 'ਸਾਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ ਹੈ ਕਿ ਹਾਲਾਤ ਠੀਕ ਹਨ। ਪੰਜਾਬ 'ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ ਤੇ ਜੇਕਰ ਅਸੀਂ ਜਲਦ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਕਾਫੀ ਦੇਰ ਹੋ ਜਾਵੇਗੀ।'


ਤੁਹਾਨੂੰ ਦੱਸ ਦਈਏ ਕਿ ਖਾਲਿਸਤਾਨ ਸਮਰਥਕ ਮੂਵਮੈਂਟ ਦੌਰਾਨ 1980 ਦੇ ਦਹਾਕੇ 'ਚ ਪੰਜਾਬ ਨੇ ਅੱਤਵਾਦ ਦਾ ਬੂਰਾ ਦੌਰ ਦੇਖਿਆ ਹੈ, ਜਿਸ 'ਤੇ ਆਖਿਰਕਾਰ ਸਰਕਾਰ ਨੇ ਕਾਬੂ ਪਾ ਲਿਆ ਸੀ।ਪੈਨਲ ਚਰਚਾ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਡੀ.ਜੀ.ਪੀ. ਪ੍ਰਕਾਸ਼ ਸਿੰਘ ਨੇ ਇਸ ਮਾਮਲੇ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਤਵਾਦ ਨੂੰ ਮੁੜ ਜ਼ਿਉਂਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਯੂ.ਕੇ. 'ਚ ਹਾਲ ਹੀ 'ਚ ਕੱਢੀ ਗਈ ਖਾਲਿਸਤਾਨ ਸਮਰਥਿਤ ਰੈਲੀ ਦਾ ਜ਼ਿਕਰ ਕੀਤਾ, ਜਿਸ 'ਚ 'ਰੈਫਰੈਂਡਮ 2020' ਦੀ ਮੰਗ ਕੀਤੀ ਗਈ ਸੀ। 12 ਅਗਸਤ ਨੂੰ ਲੰਡਨ 'ਚ ਸੈਂਕੜੇ ਲੋਕ ਇਸ ਖਾਲਿਸਤਾਨ ਸਮਰਥਿਤ ਰੈਲੀ 'ਚ ਸ਼ਾਮਲ ਹੋਏ ਸਨ।

ਸ਼ਨੀਵਾਰ ਨੂੰ ਜਨਰਲ ਰਾਵਤ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ 'ਚੋਂ ਇਕ ਹੈ ਪਰ ਸਵਾਲ ਇਹ ਹੈ ਕਿ ਅਸੀਂ ਇਸ ਦਾ ਹੱਲ ਕਿਉਂ ਨਹੀਂ ਕੱਢ ਪਾ ਰਹੇ ਹਾਂ, ਕਿਉਂਕਿ ਇਸ ਦੇ ਬਾਹਰੀ ਲਿੰਕ ਬਹੁਤ ਹਨ। ਇਸ ਇਵੈਂਟ ਦਾ ਆਯੋਜਨ ਥਿੰਕ-ਟੈਂਕ CLAWS (ਸੈਂਟਰ ਫਾਰ ਲੈਂਡ ਐਂਡ ਵਾਰਫੇਅਰ ਸਟਡੀਜ਼) ਨੇ ਕੀਤਾ ਸੀ, ਜਿਸ ਦੇ ਰਾਵਤ ਗਾਰਡੀਅਨ ਹਨ। ਆਰਮੀ ਚੀਫ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਫੌਜ ਦੇ ਜ਼ਰੀਏ ਅੱਤਵਾਦ ਤੋਂ ਨਹੀਂ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਲਈ ਸਾਰੀਆਂ ਏਜੰਸੀਆਂ-ਸਰਕਾਰਾਂ, ਸਿਵਲ ਪ੍ਰਸ਼ਾਸਨ ਤੇ ਪੁਲਸ ਨੂੰ ਨਾਲ ਮਿਲ ਕੇ ਇਕ ਪਹੁੰਚ 'ਤੇ ਕੰਮ ਕਰਨ ਦੀ ਗੱਲ ਕਹੀ ਹੈ।