ਏ.ਡੀ.ਸੀ. ਨੇ ਔਰਤ ਨੂੰ 2 ਘੰਟੇ ਰੱਖਿਆ ਕਮਰੇ ਅੰਦਰ, ਮੋਬਾਇਲ 'ਚ ਕੈਦ ਲਾਈਵ ਕਾਰਨਾਮਾ

Tags

ਇਕ ਪਾਸੇ ਸਰਕਾਰ ਜਿੱਥੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਹਵਾ ਉਸ ਸਮੇਂ ਨਿਕਲਦੀ ਹੈ ਜਦੋਂ ਅਸੀਂ ਸ਼ੋਸਲ ਮੀਡੀਆ 'ਤੇ ਔਰਤਾਂ ਨਾਲ ਹੁੰਦੇ ਜ਼ੁਲਮਾਂ ਨੂੰ ਵੇਖਦੇ ਹਾਂ। ਅਜਿਹੀ ਇਕ ਮਿਸਾਲ ਲੁਧਿਆਣੇ 'ਚ ਦੇਖਣ ਨੂੰ ਮਿਲੀ, ਜਿਥੇ ਇਕ ਔਰਤ ਵਲੋਂ ਦੂਜੀ ਔਰਤ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਇਸ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਇਕ ਔਰਤ ਆਪਣੀ ਦੁੱਖ ਭਰੀ ਦਾਸਤਾਂ ਸੁਣਾ ਰਹੀ ਹੈ।

ਪੀੜਤ ਔਰਤ ਨੇ ਮਾਣਯੋਗ ਰਾਹੁਲ ਤਿਵਾੜੀ, ਡਾਇਰੈਕਟਰ, ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ, ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪੀੜਤ ਔਰਤ ਜਸਵਿੰਦਰ ਕੌਰ ਸੀਨੀਅਰ ਸਹਾਇਕ ਜ਼ਿਲਾ ਰੋਜ਼ਗਾਰ ਬਿਊਰੋ ਅਤੇ ਕਾਰੋਬਾਰ, ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੀ ਨਵੀਂ ਬਿਲਡਿੰਗ ਲਈ ਬਿਜਲੀ ਦਾ ਮੀਟਰ ਲਗਾਉਣ ਲਈ ਬਾਕੀ ਕਾਗਜ਼ਾਤ ਨਾਲ ਇੰਡਮਨਿਟੀ ਬੌਂਡ ਵੀ ਲਾਇਆ ਗਿਆ ਸੀ। ਇਸ ਸੰਬੰਧੀ ਪਹਿਲਾਂ ਮੈਨੂੰ 5 ਨਵੰਬਰ ਨੂੰ ਮੀਟਰ ਦੇ ਦਸਤਾਵੇਜ਼ ਲੈ ਕੇ ਆਉਣ ਲਈ ਏ. ਡੀ. ਸੀ. ਕੈਂਪਸ ਬੁਲਾਇਆ ਗਿਆ ਸੀ ਪਰ ਉਸ ਸਮੇਂ ਏ.ਡੀ.ਸੀ (ਵਿਕਾਸ) ਸ਼ੀਨਾ ਅਗਰਵਾਲ ਨਹੀਂ ਮਿਲੇ ਤੇ ਰਾਤ 9 ਵਜੇ ਕਹਿੰਦੇ ਹਨ ਕਿ ਆਪਣੇ ਕਾਗਜ਼ ਮੁਕੰਮਲ ਕਰਕੇ ਲਿਆਓ।

ਮੇਰੇ ਦਸਤਾਵੇਜ਼ ਸਾਰੇ ਪੂਰੇ ਸਨ। 6 ਨਵੰਬਰ ਨੂੰ ਉਨ੍ਹਾਂ ਨੇ ਮੈਨੂੰ ਫਿਰ ਬੁਲਾ ਕੇ ਦਸਤਾਵੇਜ਼ਾਂ ਬਾਰੇ ਪੁੱਛਿਆ। ਕਾਗਜ਼ਾਂ 'ਤੇ ਡਿਪਟੀ ਡਾਇਰੈਕਟਰ ਦੇ ਹਸਤਾਖ਼ਰ ਨਾ ਹੋਣ 'ਤੇ ਉਨ੍ਹਾਂ ਨੇ ਮੈਨੂੰ ਲਿਖਤੀ ਰੂਪ 'ਚ ਲਿਖ ਦੇ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਤੁਸੀਂ ਲਿਖ ਕੇ ਨਹੀਂ ਦਿੰਦੇ ਤੁਹਾਨੂੰ ਅੰਦਰ ਬੰਦ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਵੇਟਿੰਗ ਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਕਰਵਾ ਦਿੱਤਾ। ਉਨ੍ਹਾਂ ਨੇ ਮੇਰਾ ਫੋਨ ਵੀ ਲੈ ਲਿਆ ਅਤੇ ਪਾਣੀ ਤੱਕ ਵੀ ਨਹੀਂ ਦਿੱਤਾ ।

ਵਾਰ-ਵਾਰ ਦਰਵਾਜ਼ਾ ਖੜਕਾਉਣ 'ਤੇ ਕੋਈ ਨਹੀਂ ਆਇਆ। ਕਰੀਬ 3 ਘੰਟੇ ਬਾਅਦ ਸੁਪਰਡੈਂਟ ਅਤਵਾਰ ਸਿੰਘ ਨੇ ਦੋ ਲੇਡੀਜ਼ ਸਟਾਫ਼ ਨੂੰ ਭੇਜ ਕੇ ਮੈਨੂੰ ਬਾਹਰ ਕੱਢਿਆ ਤੇ ਅਵਤਾਰ ਸਿੰਘ ਦੇ ਰੂਮ 'ਚ ਲੈ ਗਏ। ਉੱਥੇ ਜਾ ਕੇ ਮੈਂ ਆਪਣੇ ਪਤੀ ਨੂੰ ਫੋਨ ਕਰਕੇ ਬੁਲਾਇਆ। ਪੀੜਤ ਔਰਤ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਮੰਗ ਕੀਤੀ ਕਿ ਉਸ ਨੂੰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਸਰੀਰਕ ਕਸ਼ਟ ਦੇਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਕਿ ਇਸ ਮਾਮਲੇ ਦੇ ਸੰਬੰਧ 'ਚ ਜਦ ਏ.ਡੀ.ਸੀ. ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਹੀ ਨਹੀਂ ਲੱਗਾ।