ਰੇਲ ਹਾਦਸੇ ਲਈ ਕੈਪਟਨ ਨੇ ਇਨ੍ਹਾਂ ਲੋਕਾਂ ਨੂੰ ਠਹਿਰਾਇਆ ਦੋਸ਼ੀ

Tags

ਅੰਮ੍ਰਿਤਸਰ ‘ਚ ਦੁਸਹਿਰੇ ਦੀ ਖ਼ੁਸ਼ੀ ਉਸ ਸਮੇਂ ਵੱਡੇ ਮਾਤਮ ‘ਚ ਬਦਲ ਗਈ ਜਦੋਂ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ ‘ਤੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ ‘ਚ ਵੱਡੀ ਗਿਣਤੀ ‘ਚ ਲੋਕ ਜ਼ਖ਼ਮੀ ਹੋਏ ਹਨ।ਇਸ ਦੌਰਾਨ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੇਲ ਹਾਦਸੇ ਦਾ ਜਾਇਜ਼ਾ ਲੈਣ ਅੰਮ੍ਰਿਤਸਰ ਪਹੁੰਚੇ ਹਨ।
ਕੈਪਟਨ ਅਮਰਿੰਦਰ ਨੇ ਅਧਿਕਾਰਿਆਂ ਤੋਂ ਹਾਦਸੇ ਨਾਲ ਜੁੜੀ ਜਾਣਕਾਰੀ ਲਈ ਹੈ।ਇਸ ਤੋਂ ਬਾਅਦ ਮੁੱਖ ਮੰਤਰੀ ਅਮਨਦੀਪ ਹਸਪਤਾਲ ਜ਼ਖਮੀਆਂ ਦਾ ਹਾਲ ਜਾਣਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਨਾਲ ਸਾਰੇ ਭਾਰਤ ਨੂੰ ਦੁੱਖ ਹੈ।ਇਸ ਦੌਰਾਨ ਮੁੱਖ ਮੰਤਰੀ ਸਿੱਧੂ ਜੋੜੇ ਨੂੰ ਬਚਾਉਂਦੇ ਹੋਏ ਵੀ ਨਜ਼ਰ ਆਏ ਹਨ ਜਦਕਿ ਇਹ ਸਮਾਗਮ ਕਾਂਗਰਸੀ ਕੌਂਸਲਰ ਕਰਵਾ ਰਹੇ ਸਨ, ਜਿਸ ‘ਚ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸਨ।ਇਸ ਦੇ ਲਈ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ।ਕੈਪਟਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਅਜਿਹੇ ਸਥਾਨ ‘ਤੇ ਅਜਿਹਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਸੀ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਰੀ ਨਾਲ ਆਉਣ ਦੀ ਸਫ਼ਾਈ ਵੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਇਜ਼ਰਾਇਲ ਦੌਰੇ ‘ਤੇ ਜਾਣ ਸਮੇਂ ਏਅਰਪੋਰਟ ਤੋਂ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੀ 3 ਮੰਤਰੀਆਂ ਦੀ ਕਮੇਟੀ ਨਿਗਰਾਨੀ ਕਰੇਗੀ ,ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਤਿੰਨ ਹਫ਼ਤਿਆਂ ‘ਚ ਜਾਂਚ ਰਿਪੋਰਟ ਆਵੇਗੀ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ‘ਚ 3 ਦਿਨ ਦੇ ਸੋਗ ਦਾ ਐਲਾਨ ਕੀਤਾ ਹੈ ਅਤੇ ਸਾਰੇ ਸਕੂਲ -ਕਾਲਜ਼ ਬੰਦ ਰਹਿਣਗੇ।