ਰੇਲ ਹਾਦਸੇ ਦੇ ਪੀੜਤਾਂ ਲਈ ਨੌਕਰੀਆਂ ਦਾ ਐਲਾਨ

Tags

ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਅੰਮ੍ਰਿਤਸਰ ਨਗਰ ਨਿਗਮ ਵਿੱਚ ਨੌਕਰੀ ਮਿਲੇਗੀ। ਇਹ ਐਲਾਨ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਹ ਨੌਕਰੀ ਨਗਰ ਨਿਗਮ 'ਚ ਹੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਪਹਿਲਾਂ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ।

ਕਾਬਲੇਗੌਰ ਹੈ ਕਿ 19 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਜੌੜਾ ਫਾਟਕ 'ਤੇ ਰਾਵਣ ਦਹਿਨ ਦੇਖਦੇ ਸਮੇਂ ਕਈ ਲੋਕ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ 'ਚ ਕਰੀਬ 62 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਜ਼ਖ਼ਮੀਆਂ ਦਾ ਇਲਾਜ ਅੰਮ੍ਰਿਤਸਰ ਵਿੱਚ ਹਸਪਤਾਲਾਂ 'ਚ ਕੀਤਾ ਜਾ ਰਿਹਾ ਹੈ।

ਯਾਦ ਰਹੇ ਰੇਲ ਹਾਦਸੇ ਕਰਕੇ ਵਿਰੋਧੀ ਧਿਰਾਂ ਕਾਂਗਰਸ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ। ਇਸ ਸਮਾਗਮ ਦੀ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਹੋਣ ਕਰਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਨਿਸ਼ਾਨੇ 'ਤੇ ਹਨ। ਵਿਰੋਧ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਅੱਜ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ।