ਆਪ ਵਾਲਿਆਂ ਨੇ ਕਾਂਗਰਸ ਨੂੰ ਪਾਇਆ ਫਿਕਰਾਂ ਵਿੱਚ

Tags

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਸਟੈਂਡ ਤੋਂ ਕਾਂਗਰਸ ਵਿੱਚ ਵੀ ਘਬਰਾਹਟ ਦਿਖਾਈ ਦੇਣ ਲੱਗੀ ਹੈ। ਸੱਤ ਅਕਤੂਬਰ ਦੇ ਇਨਸਾਫ ਰੋਸ ਮਾਰਚ ਤੇ 14 ਅਤਕੂਬਰ ਨੂੰ ਮਨਾਈ ਗਈ ਬਹਿਬਲ ਗੋਲੀ ਕਾਂਡ ਦੀ ਤੀਜੀ ਬਰਸੀ ਵਿੱਚ ਸਿੱਖ ਸੰਗਤ ਦਾ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਖਿਲਾਫ ਵੀ ਵੱਡਾ ਰੋਸ ਵੇਖਣ ਨੂੰ ਮਿਲਿਆ।

ਦੂਜੇ ਪਾਸੇ ਇਸ ਮੁੱਦੇ 'ਤੇ ਅਕਾਲੀ ਦਲ ਤੇ ਕਾਂਗਰਸ ਨੂੰ ਬਰਾਬਰ ਘੇਰਨ ਕਰਕੇ ਆਮ ਆਦਮੀ ਪਾਰਟੀ ਤੇ ਖਾਸਕਰ ਸੁਖਪਾਲ ਖਹਿਰਾ ਵਾਲਾ ਬਾਗੀ ਧੜਾ ਸਿੱਖ ਸੰਗਤਾਂ ਦੀ ਹਮਦਰਦੀ ਹਾਸਲ ਕਰਦਾ ਨਜ਼ਰ ਆ ਰਿਹਾ ਹੈ।ਦਰਅਸਲ ਆਮ ਆਦਮੀ ਪਾਰਟੀ ਦਾ ਸਟੈਂਡ ਹੈ ਕਿ ਕਾਂਗਰਸ ਦੀ ਸਰਕਾਰ ਬਣੇ ਨੂੰ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਸ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਤੱਕ ਨਹੀਂ ਪਹੁੰਚਿਆ ਜਾ ਸਕਿਆ।

ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਪੁਲਿਸ ਅਫਸਰਾਂ ਤੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਨਾਂ ਸਾਹਮਣੇ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਅਸਤੀਫਾ ਵੀ ਦੇ ਚੁੱਕੇ ਹਨ।ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਣਦੇ ਮਾਹੌਲ ਤੋਂ ਕਾਂਗਰਸ ਬੇਹੱਦ ਔਖੀ ਹੈ।ਜਨਤਾ ਵਿੱਚ ਬਣ ਰਹੀ ਇਸ ਰਾਏ ਨੂੰ ਖਾਰਜ਼ ਕਰਨ ਲਈ ਸੋਮਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਮੀਡੀਆ ਸਾਹਮਣੇ ਆਏ। ਉਨ੍ਹਾਂ ਸ਼ਿਕਵਾ ਕੀਤਾ ਕਿ ਕੁਝ ਰਾਜਨੀਤਕ ਧਿਰਾਂ ਬੇਅਦਬੀ ਦੇ ਮੁੱਦਿਆਂ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਹੋਈਆਂ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਆਪਣੇ ਮੁਫ਼ਾਦ ਖਾਤਰ ਸਿਆਸੀਕਰਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਅਹਿਮ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕੁਝ ਗਰਮਖਿਆਲੀ ਧਿਰਾਂ ਦੀ ਹਮਾਇਤ ਮਿਲੀ ਸੀ।

ਕਾਂਗਰਸ ਤੇ ਅਕਾਲੀ ਦਲ ਵੱਲੋਂ ਘੇਰਨ ਕਰਕੇ 'ਆਪ' ਨੇ ਅਜਿਹੀਆਂ ਧਿਰਾਂ ਤੋਂ ਦੂਰੀ ਬਣਾ ਲਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿਰੋਲ ਧਾਰਮਿਕ ਮਸਲਾ ਹੋਣ ਕਰਕੇ 'ਆਪ' ਹੁਣ ਬਰਗਾੜੀ ਮੋਰਚਾ ਦਾ ਡਟ ਕੇ ਸਾਥ ਦੇ ਰਹੀ ਹੈ। ਬੇਸ਼ੱਕ ਮੋਰਚੇ ਨਾਲ ਸੰਗਤਾਂ ਜਜ਼ਬਾਤੀ ਤੌਰ 'ਤੇ ਜੁੜੀਆਂ ਹਨ ਪਰ ਇਸ ਦਾ 'ਆਪ' ਨੂੰ ਵੀ ਲਾਹਾ ਮਿਲਣਾ ਤੈਅ ਹੈ। ਇਹ ਗੱਲ਼ ਹੀ ਕਾਂਗਰਸ ਨੂੰ ਪ੍ਰੇਸ਼ਾਨ ਕਰ ਰਹੀ ਹੈ।