ਲਓ ਜੀ ਭਗਵੰਤ ਮਾਨ ਨੇ ਵੀ ਖਿੱਚਤੀ ਲਕੀਰ

Tags

ਧੜਿਆਂ ਵਿੱਚ ਵੰਡੀ ਗਈ ਆਮ ਆਦਮੀ ਪਾਰਟੀ ਦੇ ਏਕੇ ਦੇ ਆਸਾਰ ਬਿਲਕੁਲ ਹੀ ਮੱਧਮ ਪੈ ਗਏ ਹਨ। ਬੀਤੇ ਦਿਨ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਪਾਰਟੀ ਦੇ ਪੰਜ ਉਮੀਦਵਾਰਾਂ 'ਤੇ ਸੁਖਪਾਲ ਖਹਿਰਾ ਧੜੇ ਵੱਲੋਂ ਕੀਤੀ ਟਿੱਪਣੀ ਤੋਂ ਬਾਅਦ ਭਗਵੰਤ ਮਾਨ ਧੜੇ ਨੇ ਵੀ ਚੁੱਪੀ ਤੋੜਦਿਆਂ, ਝਾੜੂ ਦੇ ਤੀਲੇ ਇਕੱਠੇ ਹੋਣ ਦੀਆਂ ਸੰਭਾਵਨਾਵਾਂ 'ਤੇ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਖਹਿਰਾ 'ਤੇ ਦੋਸ਼ ਲਾਇਆ ਹੈ ਕਿ ਉਹ ਪਾਰਟੀ ਨੂੰ ਤੋੜਨ ਵਿੱਚ ਰੁੱਝੇ ਹੋਏ ਹਨ

ਪਾਰਟੀ ਹਾਈਕਮਾਨ ਦੇ 'ਤਰਜ਼ਮਾਨ' ਭਗਵੰਤ ਮਾਨ ਨੇ ਖਹਿਰਾ ਉੱਪਰ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਵਿੱਚ ਵਿਚਾਰੇ ਮਤਿਆਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੇ ਲਾਈਵ ਹੋ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਪਾਰਟੀ ਤੋੜਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਖਹਿਰਾ ਵੱਲੋਂ ਬੈਂਸ ਭਰਾਵਾਂ ਨਾਲ ਰਲ਼ ਨਵਾਂ ਸਿਆਸੀ ਫਰੰਟ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਉਨ੍ਹਾਂ ਦਾ ਜਮਹੂਰੀ ਹੱਕ ਦੱਸਿਆ।

ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਖਹਿਰਾ ਨੂੰ ਅਸਤੀਫ਼ਾ ਦੇਣਾ ਪਵੇਗਾ ਫਿਰ ਨਵੀਂ ਪਾਰਟੀ ਬਣਾਈ ਜਾ ਸਕਦੀ ਹੈ। ਜਦ ਮਾਨ ਨੂੰ ਤਾਲਮੇਲ ਕਮੇਟੀ ਵੱਲੋਂ ਖਹਿਰਾ ਬਾਰੇ ਲਏ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਦੀ ਪ੍ਰਧਾਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਇਸ ਦੇ ਪ੍ਰਧਾਨ ਹਨ ਤੇ ਉਹ ਜੋ ਫੈਸਲਾ ਕਰਨਗੇ ਉਹ ਪੱਥਰ 'ਤੇ ਲਕੀਰ ਹੋਵੇਗਾ।

ਭਗਵੰਤ ਮਾਨ ਆਪਣੇ ਮੌਜੂਦਾ ਸੰਸਦੀ ਹਲਕੇ ਤੋਂ ਹੀ ਪਾਰਟੀ ਦੇ ਅਗਲੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲੋਕ ਸੰਪਰਕ ਮੁਹਿੰਮ ਵਿੱਚ ਰੁੱਝੇ ਹੋਏ ਹਨ। ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ ਨੂੰ ਹਰ ਫਰੰਟ 'ਤੇ ਫੇਲ੍ਹ ਦੱਸਿਆ। ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ 'ਆਪ' ਦੀ ਬਜਾਇ ਕਿਸੇ ਤੀਜੇ ਫਰੰਟ ਵੱਲੋਂ ਚੋਣ ਲੜਨ ਦੇ ਫੈਸਲੇ ਉੱਪਰ ਵੀ ਮਾਨ ਨੇ ਜਮਹੂਰੀ ਹੱਕ ਹਾਸਲ ਹੋਣ ਦੀ ਹੀ ਟਿੱਪਣੀ ਕੀਤੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 1 ਨੰਵਬਰ ਨੂੰ ਚੰਡੀਗੜ੍ਹ ਦੌਰੇ 'ਤੇ ਹਨ। ਇਸ ਦੌਰਾਨ ਉਹ ਕਈ ਮਹੱਤਵਪੂਰਨ ਮੁੱਦਿਆਂ 'ਤੇ ਮੀਡੀਆ ਨੂੰ ਸੰਬਧਨ ਕਰਨਗੇ।