ਪੰਜਾਬ ਦੇ ਇਸ ਸੰਸਦ ਨੇ ਦਾਨ ਕੀਤੀ ਆਪਣੀ ਪੂਰੀ ਤਨਖਾਹ

Tags

ਪੰਜਾਬ ਤੋਂ ਹਾਲ ਹੀ ਵਿੱਚ ਰਾਜ ਸਭਾ ਦੇ ਚੁਣੇ ਗਏ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਸਨ ਫਾਊਂਡੇਸ਼ਨ ਦੇ ਪ੍ਰਧਾਨ ਪਦਮਸ਼੍ਰੀ ਨੇ ਅੱਜ ਸੰਸਦ ਵਿੱਚ ਆਪਣੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਾਹਨੀ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਅਤੇ ਅਰਦਾਸ ਕੀਤੀ ਗਈ ,ਜਿੱਥੇ 5000 ਤੋਂ ਵੱਧ ਸੰਗਤਾਂ ਵੀ ਸਾਹਨੀ ਨੂੰ ਵਧਾਈ ਦੇਣ ਲਈ ਪੁੱਜੀਆਂ। ‘ਸਨ ਗਰੁੱਪ’ ਦੇ ਸੰਸਥਾਪਕ ਅਤੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਕੋਟਕਪੂਰਾ ਦੇ ਜੰਮਪਲ ਹਨ ਅਤੇ 20 ਫਰਵਰੀ 1962 ਨੂੰ ਉਨ੍ਹਾਂ ਦਾ ਜਨਮ ਕੋਟਕਪੂਰੇ ਵਿਖੇ ਹੋਇਆ ਪਰ ਹੁਣ ਉਨ੍ਹਾਂ ਦਾ ਨਾਮ ਦਿੱਲੀ ਸਮੇਤ ਸਮੁੱਚੇ ਦੇਸ਼ ਦੇ ਉੱਘੇ ਕਾਰੋਬਾਰੀਆਂ ਅਤੇ ਸਮਾਜਸੇਵੀਆਂ ਵਿਚ ਸ਼ਾਮਲ ਹੈ।

ਵਿਕਰਮਜੀਤ ਸਿੰਘ ਸਾਹਨੀ ਨੇ ਸਾਲ 1992 ਵਿਚ ਦਿੱਲੀ ਵਿਖੇ ਇੰਟਰਨੈਸ਼ਨਲ ‘ਸਨ ਗਰੁੱਪ’ ਦੀ ਫਲੈਗਸ਼ਿਪ ਕੰਪਨੀ ਦੀ ਸਥਾਪਨਾ ਕੀਤੀ, ਜਿਸ ਨੂੰ ਆਧੁਨਿਕ ਪ੍ਰਬੰਧਨ ਪ੍ਰਣਾਲੀਆਂ ਅਤੇ ਪੇਸ਼ੇਵਰ ਤੌਰ ’ਤੇ ਚਲਾਇਆ ਜਾਂਦਾ ਹੈ। ਇਸ ਮੌਕੇ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਉਹ ਆਪਣੇ 6 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਸਾਰੀਆਂ ਤਨਖਾਹਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਪੰਜਾਬੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਾਨ ਕਰਨਗੇ। ਸਾਹਨੀ ਨੇ ‘ਪੰਜਾਬ ਐਜੂਕੇਸ਼ਨ ਫੰਡ’ ਵੀ ਸ਼ੁਰੂ ਕੀਤਾ ਸੀ ਅਤੇ ਇਸ ਵਿੱਚ ਜਾਣ ਵਾਲੀ ਉਨ੍ਹਾਂ ਦੀ ਤਨਖਾਹ ਅਤੇ ਭੱਤਿਆਂ ਦੀ ਰਾਸ਼ੀ 32 ਲੱਖ ਪ੍ਰਤੀ ਸਾਲ ਅਤੇ 6 ਸਾਲਾਂ ਵਿੱਚ ਕਰੀਬ 2 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੰਡ ਲਈ ਕਦੇ ਵੀ ਕੋਈ ਕਮੀ ਨਹੀਂ ਆਉਣ ਦੇਣਗੇ।

ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਅੱਜ ਸੈਸ਼ਨ ਦੇ ਪਹਿਲੇ ਦਿਨ ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਇਸ ਦੇ ਨਾਲ ਹੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘਨੇ ਵੀ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਹੈ।