ਕੱਲ੍ਹ ਭਾਰਤ ਬੰਦ ਤੇ ਜਾਣੋ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ?

Tags

ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਇਕ ਵਾਰ ਫਿਰ ਤੋਂ ਵੱਡਾ ਐਕਸ਼ਨ ਕਰਨ ਵਾਲੇ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ‘ਭਾਰਤ ਬੰਦ’ ਦੀ ਕਾਲ ਦਿੱਤੀ ਗਈ ਹੈ। ਕਿਸਾਨ ਮੋਰਚੇ ਵੱਲੋਂ ਮਿਲੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਕੱਲ੍ਹ ਯਾਨੀ 27 ਸਤੰਬਰ ਨੂੰ ਭਾਰਤ ਬੰਦ ਰਹੇਗਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕੀਤੇ ਜਾਣਗੇ। ਉਥੇ ਹੀ ਕਿਸਾਨ ਸੰਗਠਨ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਬੰਦ ਸ਼ਾਂਤੀਮਈ ਹੋਵੇਗਾ।

ਇਹ ਸਭ ਰਹਿਣਗੇ ਬੰਦ- ਕੇਂਦਰ ਅਤੇ ਸੂਬੇ ਸਰਕਾਰ ਦੇ ਸਾਰੇ ਦਫ਼ਤਰ, ਬਾਜ਼ਾਰ, ਦੁਕਾਨਾਂ ਅਤੇ ਉਦਯੋਗ, ਸਕੂਲ, ਕਾਲਜ,, ਯੂਨੀਵਰਸਿਟੀ ਅਤੇ ਹਰ ਤਰ੍ਹਾਂ ਦੇ ਵਿੱਦਿਅਕ ਅਦਾਰੇ, ਹਰ ਤਰ੍ਹਾਂ ਦੀ ਜਨਤਕ ਆਵਾਜਾਈ, ਸਰਕਾਰੀ ਜਾਂ ਗੈਰ-ਸਰਕਾਰੀ ਜਨਤਕ ਪ੍ਰੋਗਰਾਮ। ਇਨ੍ਹਾਂ ਨੂੰ ਮਿਲੇਗੀ ਛੋਟ- ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਅਤੇ ਕੋਈ ਵੀ ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ, ਫਾਇਰ ਬਿ੍ਰਗੇਡ, ਆਫ਼ਤ ਰਾਹਤ ਜਾਂ ਨਿੱਜੀ ਐਮਰਜੈਂਸੀ, ਸਥਾਨਕ ਸੰਗਠਨਾਂ ਵੱਲੋਂ ਦਿੱਤੀ ਗਈ ਕੋਈ ਵੀ ਛੋਟ, ਕੋਰੋਨਾ ਨਾਲ ਜੁੜੀ ਕਿਸੇ ਵੀ ਸਰਵਿਸ ਨੂੰ ਰੋਕਿਆ ਨਹੀਂ ਜਾਵੇਗਾ।

ਇਥੇ ਇਹ ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਵਰਕਰਾਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ ਹੋਏ ਹਨ। ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜ਼ਬਰਦਸਤ ਨਾ ਕੀਤੀ ਜਾਵੇ। ਇਹ ਵੀ ਕਿਹਾ ਕਿ ਹੈ ਕਿ ਇਹ ਬੰਦ ਸਰਕਾਰ ਦੇ ਖ਼ਿਲਾਫ਼ ਹੈ ਨਾਕਿ ਲੋਕਾਂ ਖ਼ਿਲਾਫ਼ ਅਤੇ ਇਸ ਅੰਦੋਲਨ ਵਿੱਚ ਕੋਈ ਹਿੰਸਾ ਜਾਂ ਭੰਨਤੋੜ ਨਹੀਂ ਹੋਣੀ ਚਾਹੀਦੀ। ਇਥੇ ਦੱਸਣਯੋਗ ਹੈ ਕਿ ਭਾਰਤ ਬੰਦ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਕਈ ਤਰ੍ਹਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਕੇਂਦਰ ਅਤੇ ਰਾਜ ਸਰਕਾਰ ਦੇ ਦਫ਼ਤਰ, ਬਾਜ਼ਾਰ, ਦੁਕਾਨਾਂ, ਫੈਕਟਰੀਆਂ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।

ਭਾਰਤ ਬੰਦ ਦੌਰਾਨ ਐਂਬੂਲੈਂਸਾਂ ਅਤੇ ਫਾਇਰ ਸੇਵਾਵਾਂ ਸਮੇਤ ਐਮਰਜੈਂਸੀ ਸੇਵਾਵਾਂ ਦੀ ਹੀ ਇਜਾਜ਼ਤ ਹੋਵੇਗੀ। ਉਥੇ ਹੀ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਮੇਤ ਹੋਰ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਪਾਸ ਹੋਏ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਕਿਸਾਨ ਲਗਭਗ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਬੈਠੇ ਹੋਏ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵੀ ਕਿਸਾਨਾਂ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰ ਅਤੇ ਕਿਸਾਨਾਂ ਵਿਚਾਲੇ ਕਰੀਬ 11 ਵਾਰ ਮੀਟਿੰਗ ਵੀ ਹੋ ਚੁੱਕੀ ਹੈ, ਜੋਕਿ ਬੇਸਿੱਟਾ ਹੀ ਰਹੀ ਹੈ।