ਆ ਗਿਆ ਸੁਖਬੀਰ ਬਾਦਲ ਤੋਂ ਵੀ ਡਬਲ ਜ਼ਾਇਦਾਦ ਵਾਲਾ ਉਮੀਦਵਾਰ

Tags

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਉਨ੍ਹਾਂ ਦੀ ਅਮੀਰੀ ਨੂੰ ਲੈ ਕੇ ਖੂਬ ਚਰਚੇ ਹੋ ਰਹੇ ਹਨ। ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਨ੍ਹਾਂ ਆਪਣੀ ਅਤੇ ਪਤਨੀ ਦੀ ਕੁੱਲ ਜਾਇਦਾਦ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਜਾਇਦਾਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਤੋਂ ਵੀ ਜ਼ਿਆਦਾ ਹੈ। ਜਲਾਲਾਬਾਦ ਤੋਂ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਏ ਹਲਫ਼ਨਾਮੇ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਪਤਨੀ ਨੀਤੂ ਆਵਲਾ ਸਹਿਤ ਆਪਣੀ ਕੁੱਲ ਜਾਇਦਾਦ 234 ਕਰੋੜ 83 ਲੱਖ 23 ਹਜ਼ਾਰ ਰੁਪਏ ਦੱਸੀ ਹੈ।

ਆਵਲਾ ਕੋਲ ਕੁੱਲ 102 ਕਰੋੜ 10 ਲੱਖ 99 ਹਜ਼ਾਰ ਦੀ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਨੀਤੂ ਕੋਲ 132 ਕਰੋੜ 72 ਲੱਖ 24 ਹਜ਼ਾਰ ਦੀ ਕੁੱਲ ਜਾਇਦਾਦ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਜਾਇਦਾਦ ਦੇ ਮਾਮਲੇ 'ਚ ਪਛਾੜ ਦਿੱਤਾ ਹੈ। ਅਬੋਹਰ ਤੋਂ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਆਜ਼ਾਦ ਲੜਨ ਵਾਲੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੇ ਆਪਣੀ ਜਾਇਦਾਦ 141.85 ਕਰੋੜ ਰੁਪਏ ਐਲਾਨੀ ਸੀ। ਕਾਂਗਰਸੀ ਮਹਿਲਾ ਆਗੂ ਕਰਨ ਕੌਰ ਬਰਾੜ ਨੇ ਆਪਣੀ ਜਾਇਦਾਦ 119.69 ਕਰੋੜ ਰੁਪਏ ਦੱਸੀ ਸੀ।

ਐਲਾਨ ਕੀਤੀ ਜਾਇਦਾਦ ਦੇ ਮਾਮਲੇ 'ਚ ਆਵਲਾ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ, ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਰਗੇ ਅਮੀਰ ਆਗੂਆਂ ਤੋਂ ਵੀ ਅੱਗੇ ਨਿਕਲ ਗਏ ਹਨ।ਆਵਲਾ ਦੇ ਪਰਿਵਾਰ ਕੋਲ ਵੀ 48 ਕਰੋੜ 96 ਲੱਖ 95 ਹਜ਼ਾਰ, ਜਦਕਿ ਪੁੱਤਰ ਕੋਲ 8.44 ਲੱਖ ਰੁਪਏ ਦੀ ਜਾਇਦਾਦ ਹੈ। ਆਵਲਾ 'ਤੇ 16 ਕਰੋੜ 3 ਲੱਖ ਰੁਪਏ ਬੈਂਕਾਂ ਦੀ ਦੇਣਦਾਰੀ ਹੈ, ਜਦਕਿ ਕਰੀਬ 11 ਕਰੋੜ ਰੁਪਏ ਉਨ੍ਹਾਂ ਦੀ ਪਤਨੀ 'ਤੇ ਵੀ ਕਰਜ਼ਾ ਹੈ। ਇਸ ਤੋਂ ਪਹਿਲਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਖੰਡ ਦੇ ਵਪਾਰੀ ਰਾਣਾ ਗੁਰਜੀਤ ਸਿੰਘ ਚਰਚਾ 'ਚ ਆਏ ਸਨ। ਉਨ੍ਹਾਂ ਆਪਣੀ ਅਤੇ ਪਤਨੀ ਦੀ ਕੁੱਲ ਚਲ-ਅਚਲ ਜਾਇਦਾਦ 169.88 ਕਰੋੜ ਰੁਪਏ ਐਲਾਨੀ ਸੀ।