ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖਿਲਾਫ ਬਦਲਾਖੋਰੀ ਦੀ ਨੀਤੀ ਤਹਿਤ ਅਪਰਾਧਿਕ ਮਾਮਲਾ ਦਰਜ਼ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਕੱਦਮੇ ਨੂੰ ਤੁਰੰਤ ਵਾਪਿਸ ਲੈਣ ਅਤੇ ਬੇਦੋਸ਼ੇ 23ਲੋਕਾਂ ਦੀ ਮੋਤ ਦੇ ਜਿੰਮੇਵਾਰ ਗੁਰਦਾਸਪੁਰ ਦੇ ਜਿਲਾ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਗਲਤੀ ਅਤੇ ਅਣਗਹਿਲੀ ਵਰਤਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਡੀ.ਸੀ ਨਾਲ ਬਹਿਸ ਕੀਤੇ ਜਾਣ ਦੇ ਬਹਾਨੇ ਬੈਂਸ ਖਿਲਾਫ ਸਿਆਸੀ ਹਿਸਾਬ ਬਰਾਬਰ ਕਰਨ ਲਈ ਬਦਲਾਖੋਰੀ ਦੀ ਕਾਰਵਾਈ ਕੀਤੀ ਹੈ।
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਜਿਲੇ ਦੇ ਉਹਨਾਂ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਅਸਲ ਵਿੱਚ ਬਟਾਲਾ ਪਟਾਕਾ ਫੈਕਟਰੀ ਬਲਾਸਟ ਵਿੱਚ ੨੩ ਬੇਦੋਸ਼ੇ ਲੋਕਾਂ ਦੇ ਮਾਰੇ ਜਾਣ ਦੇ ਜਿੰਮੇਵਾਰ ਹਨ। ਖਹਿਰਾ ਨੇ ਅੱਗੇ ਕਿਹਾ ਕਿ ਇੱਕ ਬਲਾਸਟ ਵਿੱਚ ਮਾਰੇ ਗਏ ਵਿਅਕਤੀ ਦੀ ਲਾਸ਼ ਲੈਣ ਲਈ ਉਸ ਦੇ ਵਾਰਿਸ ਮਨਜੀਤ ਸਿੰਘ ਨੂੰ ਨਾਲ ਲੈ ਕੇ ਬੈਂਸ ਡੀ.ਸੀ ਕੋਲ ਪਹੁੰਚੇ ਸਨ ਪਰੰਤੂ ਡੀ.ਸੀ ਦਾ ਵਤੀਰਾ ਨਿਰਾਸ਼ਾਜਨਕ ਅਤੇ ਅਪਮਾਨ ਭਰਿਆ ਸੀ।ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ ਦੋਰਾਨ ਅਜਿਹੇ ਅਨੇਕਾਂ ਦਰਦਨਾਕ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਦੀ ਹਿਫਾਜਤ ਕਰਨ ਵਿੱਚ ਅਸਫਲ ਰਹੇ ਹਨ।