ਦੁਸਹਿਰੇ ਹਾਦਸੇ ਤੋਂ ਬਾਅਦ ਦੀਵਾਲੀ ਮਨਾਉਣ ਨੂੰ ਲੈ ਕੇ ਹੋਇਆ ਵੱਡਾ ਫੈਸਲਾ

Tags

ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਜ਼ਖ਼ਮੀਆਂ ਦੀ ਤੰਦਰੁਸਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਖੰਡ ਪਾਠ ਰੱਖੇ ਸਨ। ਇਸ ਦੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਭੋਗ ਪਾਏ ਗਏ। ਇਸ ਮੌਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਜ਼ਖ਼ਮੀਆਂ ਦੀ ਜਲਦ ਤੰਦਰੁਸਤੀ ਲਈ ਅਰਦਾਸ ਕੀਤੀ ਗਈ।ਇਸ ਦੌਰਾਨ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ। 

ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦੇ ਸੋਗ ਵਜੋਂ ਇਸ ਦੀਵਾਲੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਨਹੀਂ ਕੀਤੀ ਜਾਏਗੀ। ਇਸ ਤੋਂ ਇਲਾਵਾ ਹਰ ਵਾਰ ਦੀ ਤਰ੍ਹਾਂ ਹੁੰਦੀ ਦੀਪਮਾਲਾ ਵਿੱਚ ਇਸ ਵਾਰ ਬਦਲਾਅ ਕੀਤੇ ਜਾਣਗੇ। ਦੀਪਮਾਲਾ ਸਿਰਫ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੀ ਕੀਤੀ ਜਾਏਗੀ। ਬਾਕੀ ਸਾਰੇ ਗੁਰਦੁਆਰਿਆਂ ਵਿੱਚ ਦੀਪਮਾਲਾ ਨਹੀਂ ਹੋਏਗੀ। ਜ਼ਿਕਰਯੋਗ ਹੈ ਕਿ ਹਾਦਸੇ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦੀਵਾਲੀ ਮੌਕੇ 4 ਲੱਖ ਦੀਵੇ ਬਾਲਣ ਦਾ ਐਲਾਨ ਕੀਤਾ ਗਿਆ ਸੀ।


EmoticonEmoticon